ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਵਲੋਂ ਅਜਨਾਲਾ ਥਾਣੇ 'ਤੇ ਹਮਲਾ

ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਵਲੋਂ ਅਜਨਾਲਾ ਥਾਣੇ 'ਤੇ ਹਮਲਾ

ਅਜਨਾਲਾ/ਅੰਮਿ੍ਤਸਰ, -- ਅਜਨਾਲਾ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਵੱਡੀ ਗਿਣਤੀ 'ਚ ਪੁੱਜੇ ਰਵਾਇਤੀ ਹਥਿਆਰਾਂ ਨਾਲ ਲੈਸ ਸਮਰਥਕਾਂ ਨੇ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ ਸਾਥੀ ਦੀ ਰਿਹਾਈ ਲਈ ਕੀਤੇ ਘਿਰਾਓ ਨੇ ਹਿੰਸਕ ਰੂਪ ਧਾਰਨ ਕਰ ਲਿਆ | ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਨੂੰ ਤੋੜ ਕੇ ਥਾਣੇ 'ਤੇ ਕਬਜ਼ਾ ਕਰ ਲਿਆ ਅਤੇ ਇਸ ਦੌਰਾਨ ਹੋਏ ਟਕਰਾਅ 'ਚ ਪੁਲਿਸ ਦੇ ਇਕ ਐਸ.ਪੀ. ਸਮੇਤ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ | ਪੁਲਿਸ ਨੇ ਹਿੰਸਕ ਰੋਸ ਪ੍ਰਦਰਸ਼ਨ ਮੂਹਰੇ ਸ਼ਾਮ ਵੇਲੇ ਹਥਿਆਰ ਸੁੱਟਦਿਆਂ ਗਿ੍ਫ਼ਤਾਰ ਕੀਤੇ ਨੌਜਵਾਨ ਨੂੰ ਡਿਸਚਾਰਜ ਕਰਨ ਦਾ ਐਲਾਨ ਕੀਤਾ ਅਤੇ ਬਾਕੀ ਸਾਰੇ ਮਾਮਲੇ ਸੰਬੰਧੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਨ ਦਾ ਭਰੋਸਾ ਵੀ ਦਿੱਤਾ | ਪੁਲਿਸ ਦੇ ਇਸ ਐਲਾਨ ਉਪਰੰਤ ਧਰਨਾਕਾਰੀ ਸ਼ਾਂਤ ਹੋਏ ਅਤੇ ਥਾਣੇ 'ਤੇ ਕੀਤਾ ਕਬਜ਼ਾ ਚੁੱਕ ਲਿਆ ਗਿਆ | ਪੁਲਿਸ ਦੇ ਕੁਝ ਅਧਿਕਾਰੀਆਂ ਨੇ ਨਾਂਅ ਨਾ ਛਾਪੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਸਰਕਾਰ ਵਲੋਂ ਝੁਕ ਕੇ ਲਏ ਫ਼ੈਸਲੇ ਨਾਲ ਪੁਲਿਸ ਦਾ ਮਨੋਬਲ ਘਟਿਆ ਹੈ ਅਤੇ ਉਹ ਭਵਿੱਖ 'ਚ ਅਜਿਹੀ ਕਿਸੇ ਸਥਿਤੀ 'ਚ ਖੁੱਲ ਕੇ ਕੋਈ ਕਾਰਵਾਈ ਕਰਨ ਤੋਂ ਗੁਰੇਜ਼ ਕਰਨਗੇ | ਦੂਜੇ ਪਾਸੇ ਅਜਨਾਲਾ ਵਿਖੇ ਭਾਵੇਂ ਪੁਲਿਸ ਅਧਿਕਾਰੀਆਂ ਵਲੋਂ ਪੱਤਰਕਾਰਾਂ ਦੇ ਸਾਹਮਣੇ ਹੀ ਪ੍ਰਦਰਸ਼ਨਕਾਰੀਆਂ ਦੀਆਂ ਸ਼ਰਤਾਂ ਮੰਨਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ 'ਚ ਸਰਕਾਰ ਵਲੋਂ ਪਲਟੇ ਗਏ ਫ਼ੈਸਲੇ ਕਾਰਨ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਦੇਰ ਰਾਤ ਤੱਕ ਚੱਲਦੀਆਂ ਰਹੀਆਂ | ਦੱਸਣਯੋਗ ਹੈ ਕਿ ਇਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਅਜਨਾਲਾ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਅੰਮਿ੍ਤਪਾਲ ਸਿੰਘ ਵਲੋਂ ਅਜਨਾਲਾ ਥਾਣੇ ਦੇ ਘਿਰਾਓ ਦਾ ਅਲਟੀਮੇਟਮ ਦਿੱਤਾ ਹੋਇਆ ਸੀ | ਅੱਜ ਸਵੇਰੇ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਅਜਨਾਲਾ 'ਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਵਲੋਂ ਇਲਾਕੇ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਸੀ | ਸਰਹੱਦੀ ਜ਼ਿਲਿ੍ਹਆਂ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਵੱਡੀ ਤਾਦਾਦ 'ਚ ਤਾਇਨਾਤ ਕੀਤੇ ਗਏ ਸਨ ਅਤੇ ਪੱਕੇ ਬੈਰੀਕੇਡ ਲਾ ਕੇ ਰੋਕਾਂ ਲਗਾਈਆਂ ਗਈਆਂ ਸਨ | ਇਨ੍ਹਾਂ ਰੋਕਾਂ 'ਤੇ ਹੀ ਟਕਰਾਅ ਪੈਦਾ ਹੋਇਆ ਅਤੇ ਅੱਗੇ ਵਧਣ ਲਈ ਬਜ਼ਿਦ ਧਰਨਾਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਪੁੱਟ ਸੁੱਟੇ ਅਤੇ ਇਸ ਮੌਕੇ ਹੋਈਆਂ ਝੜਪਾਂ 'ਚ ਦਿਹਾਤੀ ਜ਼ਿਲ੍ਹੇ ਨਾਲ ਸੰਬੰਧਿਤ ਐਸ.ਪੀ. ਜੁਗਰਾਜ ਸਿੰਘ ਸਣੇ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਕੁਝ ਧਰਨਾਕਾਰੀ ਵੀ ਇਸ ਦਰਮਿਆਨ ਜ਼ਖ਼ਮੀ ਹੋਏ | ਪੁਲਿਸ ਤੇ ਧਰਨਾਕਾਰੀਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਸਥਿਤੀ ਕਾਫ਼ੀ ਤਨਾਅਪੂਰਵਕ ਬਣੀ ਰਹੀ | ਦੁਪਹਿਰ ਸਮੇਂ ਕਰੀਬ 2 ਵਜੇ ਅੰਮਿ੍ਤਪਾਲ ਸਿੰਘ ਨਾਲ ਵੱਡੀ ਤਾਦਾਦ 'ਚ ਪੁੱਜੇ ਸਮਰਥਕਾਂ ਵਲੋਂ ਕਈ ਘੰਟੇ ਥਾਣਾ ਅਜਨਾਲਾ ਦਾ ਘਿਰਾਓ ਕੀਤਾ ਗਿਆ | ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਵੀ ਥਾਣੇ ਵਿਚ ਲਿਜਾਈ ਗਈ ਤੇ ਉਸਦੇ ਪਿੱਛੇ ਪੁੱਜੀਆਂ ਸੰਗਤਾਂ ਜ਼ਮੀਨ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਈਆਂ ਜਦੋਂ ਕਿ ਅੰਮਿ੍ਤਪਾਲ ਸਿੰਘ ਦੇ ਕੁਝ ਸਾਥੀਆਂ ਵਲੋਂ ਐਸ.ਐਚ.ਓ. ਦੇ ਦਫ਼ਤਰ 'ਤੇ ਕਬਜ਼ਾ ਜਮਾਈ ਰੱਖਿਆ | ਇਸ ਦੌਰਾਨ ਅੰਮਿ੍ਤਪਾਲ ਸਿੰਘ ਨੇ ਐਲਾਨ ਕੀਤਾ ਕਿ ਉਹ ਉਨੀ ਦੇਰ ਤੱਕ ਧਰਨਾ ਨਹੀਂ ਚੁੱਕਣਗੇ ਜਿੰਨੀ ਦੇਰ ਉਨ੍ਹਾਂ ਦੇ ਸਾਥੀ ਨੂੰ ਪੁਲਿਸ ਵਲੋਂ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਦਰਜ ਮਾਮਲੇ ਨੂੰ ਰੱਦ ਨਹੀਂ ਕੀਤਾ ਜਾਂਦਾ | ਮੌਕੇ 'ਤੇ ਪੁੱਜੇ ਏ.ਡੀ.ਜੀ.ਪੀ. ਮੋਹਨੀਸ਼ ਚਾਵਲਾ, ਪੁਲਿਸ ਕਮਿਸ਼ਨਰ ਅੰਮਿ੍ਤਸਰ ਜਸਕਰਨ ਸਿੰਘ, ਐੱਸ.ਐੱਸ.ਪੀ. ਅੰਮਿ੍ਤਸਰ ਦਿਹਾਤੀ ਸਤਿੰਦਰ ਸਿੰਘ, ਐਸ.ਡੀ.ਐਮ. ਅਜਨਾਲਾ ਰਾਜੇਸ਼ ਕੁਮਾਰ ਸ਼ਰਮਾ ਵਲੋਂ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਰਚਾ ਰੱਦ ਕਰਨ ਲਈ ਐਸ.ਪੀ ਤੇਜਬੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿੱਟ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਕੱਲ੍ਹ ਡਿਸਚਾਰਜ ਕਰਕੇ ਰਿਹਾਅ ਕਰਵਾਇਆ ਜਾਵੇਗਾ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮਿ੍ਤਪਾਲ ਸਿੰਘ ਨੇ ਇਸ ਫ਼ੈਸਲੇ 'ਤੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਉਹ ਅਜਨਾਲਾ ਵਿਖੇ ਹੀ ਰਹਿੰਦਿਆਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਜਨਾਲਾ ਵਿਖੇ ਗੁਰਮਤਿ ਸਮਾਗਮ ਕਰਨਗੇ ਅਤੇ ਇਸ ਸਮੇਂ ਅੰਮਿ੍ਤ ਸੰਚਾਰ ਵੀ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਥੀ ਦੀ ਰਿਹਾਈ ਉਪਰੰਤ ਹੀ ਅਜਨਾਲਾ ਨੂੰ ਛੱਡਣਗੇ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਪੁਲਿਸ 'ਤੇ ਕੋਈ ਹਮਲਾ ਨਹੀਂ ਕੀਤਾ ਸਗੋਂ ਪੁਲਿਸ ਵਾਲੇ ਰੋਕਣ ਸਮੇਂ ਹਫ਼ੜਾ-ਦਫ਼ੜੀ 'ਚ ਡਿੱਗਣ ਕਾਰਨ ਖ਼ੁਦ ਹੀ ਜ਼ਖ਼ਮੀ ਹੋਏ ਹਨ | ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਵੱਡੀ ਤਾਦਾਦ ਵਿਚ ਸਮਰਥਕਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਹੈ, ਇੰਨ੍ਹਾਂ ਚੋਂ 50 ਸਮਰਥਕ ਥਾਣਾ ਬੀ-ਡਿਵੀਜਨ ਅੰਮਿ੍ਤਸਰ ਵਿਖੇ ਬੰਦ ਹਨ ਅਤੇ ਬਾਕੀਆਂ ਨੂੰ ਬਿਆਸ ਦਰਿਆ ਪੁਲ ਅਤੇ ਜਲੰਧਰ ਵਿਖੇ ਵੀ ਰੋਕੀ ਰੱਖਿਆ ਗਿਆ ਹੈ | ਅੱਜ ਦੀ ਇਸ ਵਾਪਰੀ ਘਟਨਾ ਕਾਰਨ ਜਿਥੇ ਅੰਮਿ੍ਤਸਰ ਜ਼ਿਲੇ੍ਹੇ ਦੇ ਸਾਰੇ ਕਸਬਿਆਂ 'ਚ ਤਣਾਅ ਬਣਿਆ ਰਿਹਾ ਉਥੇ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਵੀ ਅੱਜ ਦੇ ਘਟਨਾਕ੍ਰਮ 'ਤੇ ਟਿਕੀਆਂ ਰਹੀਆਂ | ਇਸ ਮੌਕੇ ਕੁਝ ਪ੍ਰਤੱਖਦਰਸ਼ੀਆਂ ਦਾ ਕਹਿਣਾ ਸੀ ਕਿ ਅੱਜ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆਈ ਹੈ ਅਤੇ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਕਾਮ ਰਹੀ ਹੈ |
ਪੁਲਿਸ ਨੇ ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਨੂੰ ਜਬਰੀ ਚੁੱਕਣ ਦੀ ਕੀਤੀ ਕੋਸ਼ਿਸ਼
ਅੰਮਿ੍ਤਪਾਲ ਸਿੰਘ ਵਲੋਂ ਸਮਰਥਕਾਂ ਸਮੇਤ ਅਜਨਾਲਾ ਵਿਖੇ ਪੁੱਜਣ ਤੋਂ ਪਹਿਲਾਂ ਅਜਨਾਲਾ ਨੇੜਲੇ ਇਲਾਕਿਆਂ ਤੋਂ ਪੁੱਜੇ ਸਮਰਥਕਾਂ ਵਲੋਂ ਥਾਣਾ ਅਜਨਾਲਾ ਦੇ ਨਜ਼ਦੀਕ ਪੁੱਜਣ 'ਤੇ ਪੁਲਿਸ ਵਲੋਂ ਉਨ੍ਹਾਂ ਨੂੰ ਜਬਰੀ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਗਈ | ਇਸ ਸੰਬੰਧੀ ਅਜਨਾਲਾ ਨੇੜਲੇ ਪਿੰਡ ਅੰਬ ਕੋਟਲੀ ਤੋਂ ਕੁਝ ਨੌਜਵਾਨ ਅੰਮਿ੍ਤਪਾਲ ਸਿੰਘ ਦੇ ਸਮਰਥਨ ਵਿਚ ਅਜਨਾਲਾ ਥਾਣਾ ਨਜ਼ਦੀਕ ਪੁੱਜੇ ਸਨ, ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਵਲੋਂ ਉਨ੍ਹਾਂ ਦੇ ਸਮਰਥਕ ਹਰਕਰਨ ਸਿੰਘ ਕੋਟਲੀ ਨੂੰ ਜਬਰੀ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਹਾਜ਼ਰ ਮੀਡੀਆ ਕਰਮੀਆਂ ਵਲੋਂ ਪੁਲਿਸ ਕਾਰਵਾਈ ਦੀ ਕੀਤੀ ਕਵਰੇਜ ਤੋਂ ਬਾਅਦ ਐੱਸ.ਐੱਸ.ਪੀ. ਅੰਮਿ੍ਤਸਰ ਦਿਹਾਤੀ ਸਤਿੰਦਰ ਸਿੰਘ ਵਲੋਂ ਉਸ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ ਗਏ |

ad