ਸਰਕਾਰੀ ਨੌਕਰੀਆਂ ਦੀ ਤਿਆਰੀ ਕਰਵਾਉਣ ਲਈ 'ਸਫ਼ਲਤਾ ਦੀ ਕੁੰਜੀ' ਪ੍ਰੋਗਰਾਮ ਦਾ ਵਿਧਾਇਕ ਅਜੀਤ ਪਾਲ ਕੋਹਲੀ ਨੇ ਕਰਵਾਇਆ ਆਗ਼ਾਜ਼

ਸਰਕਾਰੀ ਨੌਕਰੀਆਂ ਦੀ ਤਿਆਰੀ ਕਰਵਾਉਣ ਲਈ 'ਸਫ਼ਲਤਾ ਦੀ ਕੁੰਜੀ' ਪ੍ਰੋਗਰਾਮ ਦਾ ਵਿਧਾਇਕ ਅਜੀਤ ਪਾਲ ਕੋਹਲੀ ਨੇ ਕਰਵਾਇਆ ਆਗ਼ਾਜ਼

ਪਟਿਆਲਾ :  ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਵਾਸਤੇ ਸ਼ੁਰੂ ਕੀਤੀ ਵਿਲੱਖਣ ਪਹਿਲਕਦਮੀ 'ਸਫ਼ਲਤਾ ਦੀ ਕੁੰਜੀ' ਪ੍ਰੋਗਰਾਮ ਦਾ ਆਗ਼ਾਜ਼ ਕਰਵਾਇਆ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ 'ਚ ਇਸ ਪ੍ਰੋਗਰਾਮ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਆਪਣੇ ਪਹਿਲੇ 10 ਮਹੀਨਿਆਂ ਦੌਰਾਨ ਹੀ 26 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ।
ਵਿਧਾਇਕ ਕੋਹਲੀ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਨਿਸ਼ਚੈ ਐਜੂਕੇਸ਼ਨ ਸਰਵਿਸਜ ਨਾਲ ਮਿਲਕੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਲਈ ਰਾਹ ਦਿਖਾਉਣ ਦਾ ਵਧੀਆ ਉਪਰਾਲਾ ਕੀਤਾ ਹੈ ਅਤੇ ਇਹ ਪ੍ਰੋਗਰਾਮ ਨੌਜਵਾਨਾਂ ਲਈ ਖੁਸ਼ੀਆਂ ਦੇ ਪਲ ਲੈ ਕੇ ਆਵੇਗਾ।
ਤਿਆਰੀ ਕਰ ਰਹੇ ਇਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਿਦਿਆਰਥੀ ਆਪਣੇ ਟੀਚੇ ਮਿੱਥਕੇ ਲੰਮੇ ਸਮੇਂ ਦੀ ਪ੍ਰੇਰਣਾ ਤੇ ਉਤਸ਼ਾਹ ਨਾਲ ਤਿਆਰੀ ਕਰਨ ਤਾਂ ਕਾਮਯਾਬੀ ਜਰੂਰ ਮਿਲੇਗੀ। ਡੀ.ਸੀ. ਨੇ ਵਿਦਿਆਰਥੀਆਂ ਨੂੰ ਅਗਲੇਰੇ ਇਮਤਿਹਾਨਾਂ ਲਈ ਸ਼ੁਭ ਇੱਛਾਵਾਂ ਦਿੰਦਿਆਂ ਅਖ਼ਬਾਰ ਪੜ੍ਹਨ ਸਮੇਤ ਆਪਣੀ ਰੁਚੀ ਮੁਤਾਬਕ ਖੇਡਾਂ ਜਾਂ ਕਿਸੇ ਹੋਰ ਵਾਧੂ ਗਤੀਵਿਧੀ ਵੀ ਜਰੂਰ ਅਪਨਾਉਣ ਲਈ ਪ੍ਰੇਰਤ ਕੀਤਾਂ ਤਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ 'ਚ ਨਿਖਾਰ ਆ ਸਕੇ।
ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਅਤੇ ਨਿਸ਼ਚੈ ਐਜੂਕੇਸ਼ਨ ਸਰਵਿਸਜ ਤੋਂ ਸੌਰਭ ਸੇਠੀ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਵੱਖ-ਵੱਖ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਤੋਂ ਜਾਣੂ ਕਰਵਾਇਆ। ਰੋਜ਼ਗਾਰ ਤੇ ਕਾਰੋਬਾਰ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ 4 ਮਹੀਨੇ ਦੇ ਇਸ ਸ਼ੁਰੂਆਤੀ ਬੈਚ ਵਿੱਚ 25 ਵਿਦਿਆਰਥੀ ਭਾਗ ਲੈ ਰਹੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਵਿਧਾਇਕ ਕੋਹਲੀ ਤੇ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਕੋਚਿੰਗ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ. ਸਤਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

sant sagar