ਤਾਪਮਾਨ ਦੇ ਵਾਧੇ ਕਾਰਨ ਕਣਕ ਦੇ ਝਾੜ ਉੱਪਰ ਪੈ ਸਕਦਾ ਹੈ ਮਾੜਾ ਪ੍ਰਭਾਵ – ਮੁੱਖ ਖੇਤੀਬਾੜੀ ਅਫ਼ਸਰ

ਤਾਪਮਾਨ ਦੇ ਵਾਧੇ ਕਾਰਨ ਕਣਕ ਦੇ ਝਾੜ ਉੱਪਰ ਪੈ ਸਕਦਾ ਹੈ ਮਾੜਾ ਪ੍ਰਭਾਵ – ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ :  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਵੱਧ ਦੇ ਤਾਪਮਾਨ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਲਈ ਐਡਵਾਈਜ਼ਰੀ ਜਾਰੀ ਕਰਦੇ ਹੋਏ ਦੱਸਿਆ ਕਿ ਫਰਵਰੀ ਮਹੀਨੇ ਦੌਰਾਨ ਮੌਸਮ ਦੇ ਬਦਲਾਅ ਕਾਰਨ ਤਾਪਮਾਨ ਦਾ ਪਾਰਾ ਤੇਜ਼ੀ ਨਾਲ ਵੱਧ ਦਾ ਦਿਖਾਈ ਦੇ ਰਿਹਾ ਹੈ ਜੋ ਕਿ ਕਣਕ ਦੀ ਫ਼ਸਲ ਲਈ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ-ਮਾਰਚ ਦੌਰਾਨ ਗਰਮੀ ਵਧਣ ਕਾਰਨ ਕਣਕ ਦੀ ਫ਼ਸਲ ਉੱਪਰ ਮਾੜਾ ਅਸਰ ਪਿਆ ਸੀ, ਜਿਸ ਨਾਲ ਝਾੜ ਵਿੱਚ 20-25% ਤੱਕ ਕਮੀ ਆਈ ਸੀ।
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਗਰਮੀ ਤੋਂ ਬਚਣ ਲਈ ਕਿਸਾਨ 2% ਪੋਟਾਸ਼ੀਅਮ ਨਾਈਟ੍ਰੇਟ (4 ਕਿੱਲੋ 13:0:45) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ 2 ਛਿੜਕਾਅ ਪਹਿਲਾ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸੀਲਿਕ ਐਸਿਡ ਦਾ 450 ਮਿ.ਲੀ. ਸਪਿਰਟ ਵਿੱਚ ਘੋਲ ਬਣਾ ਕੇ 200 ਲੀਟਰ ਪਾਣੀ ਵਿੱਚ ਪਾ ਕੇ 2 ਛਿੜਕਾਅ ਕਰੋ। ਪਹਿਲਾਂ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਛਿੜਕਾਅ ਦਾਣੇ ਵਿੱਚ ਦੋਧਾ ਪੈਣ ਸਮੇਂ ਸ਼ਾਮ ਨੂੰ ਕਰੋ। ਇਸ ਤੋਂ ਇਲਾਵਾ ਕਿਸਾਨਾਂ ਵੀਰਾਂ ਨੂੰ ਮਾਰਚ ਅਖੀਰ ਵਿੱਚ ਤਾਪਮਾਨ ਦੇਖਦੇ ਹੋਏ ਇੱਕ ਹਲਕਾ ਪਾਣੀ ਲਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ।

ad