ਓਨਟਾਰੀਓ ਸੂਬਾਈ ਚੋਣਾਂ ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਓਨਟਾਰੀਓ ਸੂਬਾਈ ਚੋਣਾਂ ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਓਨਟਾਰੀਓ ਸੂਬਾਈ ਚੋਣਾਂ ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ
ਟੋਰਾਂਟੋ - ਕੈਨੇਡਾ ਵਿਚ ਓਨਟਾਰੀਓ ਸੂਬਾਈ ਵਿਧਾਨ ਸਭਾ ਲਈ ਵੀਰਵਾਰ ਨੂੰ ਹੋਈਆਂ ਚੋਣਾਂ ਵਿੱਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਦੇ ਹਨ, ਜਿਸ ਨੇ 124 ਮੈਂਬਰੀ ਸੂਬਾਈ ਸੰਸਦ ਵਿੱਚ 80 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਜਿੱਤਣ ਵਾਲੇ 6 ਪੰਜਾਬੀਆਂ ਵਿੱਚ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਮਿਲਟਨ ਤੋਂ ਪਰਮ ਗਿੱਲ, ਮਿਸੀਸਾਗਾ ਸਟਰੀਟਵਿਲੇ ਤੋਂ ਨੀਨਾ ਟਾਂਗਰੀ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਅਤੇ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਸ਼ਾਮਲ ਹਨ।
4 ਸਾਲ ਪਹਿਲਾਂ ਓਨਟਾਰੀਓ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ 31 ਸਾਲਾ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਸਾਊਥ ਤੋਂ ਆਪਣੀ ਸੀਟ ਬਰਕਰਾਰ ਰੱਖੀ ਹੈ। ਉਹ ਪ੍ਰੀਮੀਅਰ ਡੱਗ ਫੋਰਡ ਦੇ ਮੰਤਰੀ ਮੰਡਲ ਵਿੱਚ ਖਜ਼ਾਨਾ ਬੋਰਡ ਦੇ ਪ੍ਰਧਾਨ ਸਨ। ਸਰਕਾਰੀਆ ਦਾ ਪਰਿਵਾਰ 1980 ਵਿੱਚ ਅੰਮ੍ਰਿਤਸਰ ਤੋਂ ਕੈਨੇਡਾ ਆ ਗਿਆ ਸੀ। 48 ਸਾਲਾ ਪਰਮ ਗਿੱਲ, ਜੋ ਮੋਗਾ ਦੇ ਰਹਿਣ ਵਾਲੇ ਹਨ, ਨੂੰ ਟੋਰਾਂਟੋ ਦੇ ਬਾਹਰੀ ਇਲਾਕੇ ਮਿਲਟਨ ਤੋਂ ਦੁਬਾਰਾ ਚੁਣਿਆ ਗਿਆ ਹੈ। ਨੀਨਾ ਟਾਂਗਰੀ, ਜੋ ਕਿ ਓਨਟਾਰੀਓ ਦੀ ਸਮਾਲ ਬਿਜ਼ਨੈੱਸ ਅਤੇ ਰੈੱਡ ਟੇਪ ਰਿਡਕਸ਼ਨ ਦੀ ਐਸੋਸੀਏਟ ਮੰਤਰੀ ਹਨ, ਵੀ ਮਿਸੀਸਾਗਾ-ਸਟ੍ਰੀਟਸਵਿਲੇ ਤੋਂ ਮੁੜ ਚੁਣੀ ਗਈ ਹੈ। ਨੀਨਾ ਦਾ ਪਰਿਵਾਰ ਜਲੰਧਰ ਦਾ ਰਹਿਣ ਵਾਲਾ ਹੈ। ਸੱਤਾਧਾਰੀ ਪੀ.ਸੀ. ਦੇ ਅਮਰਜੋਤ ਸੰਧੂ ਨੇ ਵੀ ਬਰੈਂਪਟਨ ਵੈਸਟ ਤੋਂ ਆਪਣੀ ਸੀਟ ਬਰਕਰਾਰ ਰੱਖੀ ਅਤੇ ਮਿਸੀਸਾਗਾ-ਮਾਲਟਨ ਤੋਂ ਦੀਪਕ ਆਨੰਦ ਚੁਣੇ ਗਏ ਹਨ। ਇਹ ਦੋਵੇਂ ਪੰਜਾਬ ਤੋਂ ਆਏ ਹਨ।
ਹਾਲਾਂਕਿ, ਫੈਡਰਲ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਬਰੈਂਪਟਨ ਈਸਟ ਵਿੱਚ ਸੱਤਾਧਾਰੀ ਪੀਸੀ ਦੇ ਹਰਦੀਪ ਗਰੇਵਾਲ ਤੋਂ ਆਪਣੀ ਸੀਟ ਹਾਰ ਗਏ। ਇਸ ਤੋਂ ਇਲਾਵਾ ਦੋ ਮੌਜੂਦਾ ਵਿਧਾਇਕ ਸਾਰਾ ਸਿੰਘ ਅਤੇ ਹਰਿੰਦਰ ਮੱਲ੍ਹੀ ਕ੍ਰਮਵਾਰ ਬਰੈਂਪਟਨ ਸੈਂਟਰਲ ਅਤੇ ਬਰੈਂਪਟਨ ਨਾਰਥ ਤੋਂ ਹਾਰ ਗਏ ਹਨ। ਇਸ ਵਾਰ 22 ਇੰਡੋ-ਕੈਨੇਡੀਅਨ ਉਮੀਦਵਾਰ ਮੈਦਾਨ ਵਿੱਚ ਸਨ - 7-7 ਨਿਊ ਡੈਮੋਕਰੇਟਿਕ ਪਾਰਟੀ ਅਤੇ ਲਿਬਰਲ ਪਾਰਟੀ, 5 ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਤੋਂ 3 ਤਿੰਨ ਗ੍ਰੀਨ ਪਾਰਟੀ ਦੇ ਉਮੀਦਵਾਰ ਸਨ। 2018 ਦੀਆਂ ਪਿਛਲੀਆਂ ਚੋਣਾਂ ਵਿੱਚ, 7 ਇੰਡੋ-ਕੈਨੇਡੀਅਨ ਸੂਬਾਈ ਸੰਸਦ ਲਈ ਚੁਣੇ ਗਏ ਸਨ।