ਜੰਗ-ਏ-ਆਜ਼ਾਦੀ ਯਾਦਗਾਰ ਦੇ ਹੋਰ ਵਿਸਤਾਰ ਲਈ ਕੇਂਦਰ ਦੇਵੇਗਾ ਪੂਰਾ ਸਹਿਯੋਗ-ਮੇਘਵਾਲ

ਜੰਗ-ਏ-ਆਜ਼ਾਦੀ ਯਾਦਗਾਰ ਦੇ ਹੋਰ ਵਿਸਤਾਰ ਲਈ ਕੇਂਦਰ ਦੇਵੇਗਾ ਪੂਰਾ ਸਹਿਯੋਗ-ਮੇਘਵਾਲ

ਜਲੰਧਰ, - ਸੱਭਿਆਚਾਰ ਅਤੇ ਪਾਰਲੀਮਾਨੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅੱਜ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵੇਖਣ ਆਏ | ਨਵੀਂ ਪੀੜ੍ਹੀ ਨੂੰ ਆਜ਼ਾਦੀ ਸੰਘਰਸ਼ ਤੋਂ ਜਾਣੂ ਕਰਵਾਉਣ ਅਤੇ ਨੌਜਵਾਨਾਂ 'ਚ ਦੇਸ਼ ਭਗਤੀ ਦਾ ਜਜ਼ਬਾ ਕਾਇਮ ਰੱਖਣ ਦੇ ਮੰਤਵ ਨਾਲ ਉਸਾਰੀ ਗਈ ਇਸ ਯਾਦਗਾਰ ਦੀਆਂ ਸਾਰੀਆਂ ਗੈਲਰੀਆਂ ਨੂੰ ਉਨ੍ਹਾਂ ਨੇ ਬਹੁਤ ਗਹੁ ਨਾਲ ਵੇਖਿਆ | ਯਾਦਗਾਰ ਦੇ ਸੰਕਲਪ, ਇਸ ਦੀ ਵਿਉਂਤਬੰਦੀ ਅਤੇ ਇਸ ਦੇ ਰੱਖ-ਰਖਾਓ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਬਣੀ ਹੋਈ ਇਹ ਯਾਦਗਾਰ ਸੁਤੰਤਰਤਾ ਸੈਨਾਨੀਆਂ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਇਹ ਦੇਸ਼ਵਾਸੀਆਂ ਨੂੰ ਰਾਹ ਦਿਖਾਉਂਦੀ ਹੈ | ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਇਸ ਨੂੰ ਜ਼ਰੂਰ ਵੇਖੇ | ਪੱਤਰਕਾਰਾਂ ਅਤੇ ਵੱਖ-ਵੱਖ ਟੀ. ਵੀ. ਚੈਨਲਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਸੱਭਿਆਚਾਰ ਮੰਤਰਾਲਾ ਇਸ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਸੰਪਰਕ ਅਤੇ ਮਸ਼ਵਰਾ ਕਰਕੇ ਇਸ ਦੇ ਹੋਰ ਵਿਸਤਾਰ ਲਈ ਸਹਿਯੋਗ ਦੇਵੇਗਾ | ਮੈਨੇਜਿੰਗ ਕਮੇਟੀ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਨੂੰ ਉਨ੍ਹਾਂ ਨੇ ਇਸ ਸੰੰਬੰਧੀ ਵਿਸਥਾਰਪੂਰਵਕ ਪ੍ਰਾਜੈਕਟ ਬਣਾ ਕੇ ਭੇਜਣ ਲਈ ਕਿਹਾ | ਅਰਜੁਨ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਗੁਲਾਮੀ ਦਾ ਕੋਈ ਵੀ ਅੰਸ਼ ਬਾਕੀ ਨਹੀਂ ਰਹਿਣਾ ਚਾਹੀਦਾ | ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਨਵੀਂ ਪੀੜ੍ਹੀ ਵਿਚ ਰਾਸ਼ਟਰਵਾਦੀ ਭਾਵਨਾ ਜਗਦੀ ਰਹੇਗੀ | ਇਹ ਯਾਦਗਾਰ ਇਸ ਦਿ੍ਸ਼ਟੀ ਤੋਂ ਬੇਹੱਦ ਮਹੱਤਵਪੂਰਨ ਚਾਨਣ ਮੁਨਾਰਾ ਹੈ | ਯਾਦਗਾਰ ਵਿਖੇ ਪਹੁੰਚਣ 'ਤੇ ਮੈਨੇਜਿੰਗ ਕਮੇਟੀ ਵਲੋਂ ਡਾ. ਲਖਵਿੰਦਰ ਸਿੰਘ ਜੌਹਲ ਅਤੇ ਪ੍ਰਸ਼ਾਸਨ ਵਲੋਂ ਐਸ. ਡੀ. ਐਮ. ਬਲਦੇਵ ਰਾਜ ਬੱਲੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਗਾਰਡ ਆਫ਼ ਆਨਰ ਵਲੋਂ ਸਲਾਮੀ ਉਪਰੰਤ ਉਹ ਮੀਨਾਰ-ਏ-ਸ਼ਹੀਦਾਂ ਵਿਖੇ ਸੁਤੰਤਰਤਾ ਸੈਨਾਨੀਆਂ ਨੂੰ ਨਤਮਸਤਕ ਹੋਏ, ਫੇਰ ਉਨ੍ਹਾਂ ਗੈਲਰੀਆਂ ਦਾ ਦੌਰਾ ਕੀਤਾ ਅਤੇ ਯਾਦਗਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਚੀਫ਼ ਮੁਖ ਸਕੱਤਰ ਕੇ. ਡੀ. ਭੰਡਾਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਅਮਰਜੀਤ ਸਿੰਘ ਅਮਰੀ, ਮੌਜੂਦਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਰਣਜੀਤ ਪਵਾਰ ਅਤੇ ਹੋਰ ਉੱਘੇ ਭਾਜਪਾ ਆਗੂ ਅਨੀਸ਼ ਸਰਦਾਨਾ, ਮਹਿੰਦਰ ਭਗਤ ਤੇ ਕਿੱਟੂ ਗਰੇਵਾਲ ਆਦਿ ਵੀ ਮੌਜੂਦ ਸਨ | ਕੇ. ਡੀ. ਭੰਡਾਰੀ ਅਤੇ ਅਮਰਜੀਤ ਸਿੰਘ ਅਮਰੀ ਨੇ ਦੇਸ਼ ਦੇ ਭਵਿੱਖ ਲਈ ਇਸ ਯਾਦਗਾਰ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਦੀ ਦੂਰ-ਅੰਦੇਸ਼ੀ, ਸਮਰਪਿਤ ਭਾਵਨਾ ਅਤੇ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਮੰਤਰੀ ਵਲੋਂ ਇਸ ਯਾਦਗਾਰ ਵਿਚ ਵਿਖਾਈ ਗਈ ਦਿਲਚਸਪੀ ਅਤੇ ਸਹਿਯੋਗ ਦੀ ਪੇਸ਼ਕਸ਼ ਲਈ ਮੰਤਰੀ ਦਾ ਧੰਨਵਾਦ ਕੀਤਾ | ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਜੀਤ ਪਵਾਰ ਦੀ ਅਗਵਾਈ ਵਿਚ ਭਾਜਪਾ ਆਗੂਆਂ ਅਤੇ ਮੰਡਲ ਵਰਕਰਾਂ ਵਲੋਂ ਵੀ ਕੇਂਦਰੀ ਮੰਤਰੀ ਦੇ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਪਹੁੰਚਣ ਉੱਤੇ ਗੁਲਦਸਤੇ ਭੇਟ ਕਰ ਕੇ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਗਿਆ |

sant sagar