ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ

ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ

ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ
ਮਾਨਸਾ-ਇਥੋਂ ਨੇੜਲੇ ਪਿੰਡ ਜਵਾਹਰਕੇ ਵਿੱਚ ਅੱਜ ਸ਼ਾਮੀਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਵਿੱਚ ਸਿੱਧੂ ਮੂਸੇਵਾਲਾ ਨੂੰ ਕਰੀਬ ਸੱਤ ਗੋਲੀਆਂ ਲੱਗੀਆਂ ਤੇ ਉਸ ਦੀ ਥਾਂ ’ਤੇ ਹੀ ਮੌਤ ਗਈ। ਹਮਲੇ ਵਿੱਚ ਉਸ ਦੇ ਦੋ ਹੋਰ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਗਾਇਕ ਨੂੰ ਸੂਬਾ ਸਰਕਾਰ ਵੱਲੋਂ ਮਿਲੀ ਸੁਰੱਖਿਆ ਅਜੇ ਲੰਘੇ ਦਿਨ ਹੀ ਹਟਾਈ ਗਈ ਸੀ। ਹਮਲੇ ਦੀ ਖ਼ਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਗਏ। ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਵਲ ਹਸਪਤਾਲ ਲਿਆਂਦੇ ਜਾਣ ਤੋਂ ਪਹਿਲਾਂ ਗਾਇਕ ਦੀ ਮੌਤ ਹੋ ਚੁੱਕੀ ਸੀ। ਮੌਤ ਦੀ ਪੁਸ਼ਟੀ ਹੋਣ ਮਗਰੋਂ ਸਿਵਲ ਹਸਪਤਾਲ ਵਿੱਚ ਜੁੜੇ ਲੋਕਾਂ ਨੂੰ ਪੁਲੀਸ ਵੱਲੋਂ ਕੰਟਰੋਲ ਕਰਨਾ ਔਖਾ ਹੋ ਗਿਆ। ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾੲੇ। ਇਸ ਘਟਨਾ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਅੰਦਰ ਮਾਤਮ ਅਤੇ ਭੈਅ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਅੱਜ ਸ਼ਾਮੀਂ ਆਪਣੇ ਦੋ ਹੋਰ ਸਾਥੀਆਂ ਸਣੇ ਥਾਰ ਗੱਡੀ ਖੁਦ ਚਲਾ ਕੇ ਕਿਸੇ ਰਿਸ਼ਤੇਦਾਰੀ ਵਿੱਚ ਪਿੰਡ ਖਾਰਾ-ਬਰਨਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਪਿੰਡ ਜਵਾਹਰਕੇ ਪੁੱਜੇ ਤਾਂ ਸਾਹਮਣਿਓਂ ਆ ਰਹੀਆਂ ਦੋ ਗੱਡੀਆਂ ’ਚੋਂ ਬਾਹਰ ਨਿਕਲ ਕੇ ਕੁਝ ਵਿਅਕਤੀਆਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਰੀਬ 40 ਗੋਲੀਆਂ ਚੱਲੀਆਂ ਅਤੇ ਸਿੱਧੂ ਮੂਸੇਵਾਲਾ ਨੂੰ ਸੱਤ ਦੇ ਕਰੀਬ ਗੋਲੀਆਂ ਲੱਗੀਆਂ ਤੇ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ। ਗਾਇਕ ਅਤੇ ਉਸ ਦੇ ਜ਼ਖ਼ਮੀ ਸਾਥੀਆਂ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੌਰਾਨ ਜ਼ਖ਼ਮੀ ਹੋਏ ਗਾਇਕ ਦੇ ਦੋ ਸਾਥੀਆਂ ਪਿੰਕਾ ਤੇ ਬਿੰਟਾ, ਜੋ ਪਿੰਡ ਮੂਸੇਵਾਲਾ ਦੇ ਹੀ ਵਸਨੀਕ ਹਨ, ਨੂੰ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਗੌਰਵ ਤੂਰਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਘਟਨਾ ਸਥਾਨ ਤੋਂ ਪੁਲੀਸ ਨੂੰ ਗੋਲੀਆਂ ਦੇ ਕੁਝ ਖੋਲ ਵੀ ਬਰਾਮਦ ਹੋਏ ਹਨ। ਹਮਲਾਵਰਾਂ ਦਾ ਹਾਲੇ ਤੱਕ ਕੋਈ ਵੀ ਸੁਰਾਗ ਜਾਂ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਜਾਂਦੇ ਸਮੇਂ ਕਿਸੇ ਵਿਅਕਤੀ ਤੋਂ ਆਲਟੋ ਕਾਰ ਵੀ ਖੋਹੀ ਅਤੇ ਫ਼ਰਾਰ ਹੋ ਗਏ। ਹਾਲਾਂਕਿ ਹਮਲਾਵਰ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਸਨ। ਮਾਨਸਾ ਪੁਲੀਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਮਾਨਸਾ ਵਿੱਚ ਰੱਖੀ ਗਈ ਹੈ।
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਕੋਲ ਪਹਿਲਾਂ ਅੱਠ ਗੰਨਮੈਨ ਹੁੰਦੇ ਸਨ, ਪਰ ਪੰਜਾਬ ਸਰਕਾਰ ਵੱਲੋਂ ਲੰਘੇ ਦਿਨ ਹੀ ਸੁਰੱਖਿਆ ਵਾਪਸ ਲੲੇ ਜਾਣ ਕਰਕੇ ਗਾਇਕ ਕੋਲ ਦੋ ਗੰਨਮੈਨ ਰਹਿ ਗਏ ਸਨ, ਜਿਨ੍ਹਾਂ ਵਿੱਚੋਂ ਕੋਈ ਵੀ ਅੱਜ ਘਟਨਾ ਸਮੇਂ ਮੌਜੂਦ ਨਹੀਂ ਸੀ। ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਕਰਮੀ ਵਾਪਸ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕੁਝ ਚਸ਼ਮਦੀਦ ਗਵਾਹਾਂ ਅਨੁਸਾਰ ਹਮਲਾਵਰ ਕਾਲੇ ਰੰਗ ਦੀ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਸਿੱਧੂ ਮੂਸੇਵਾਲਾ ਆਪਣੀ ਥਾਰ ਜੀਪ ਨੂੰ ਖੁਦ ਚਲਾ ਰਿਹਾ ਸੀ। ਹਮਲਾਵਰਾਂ ਨੇ ਉਸ ’ਤੇ 30 ਤੋਂ 40 ਫਾਇਰ ਕੀਤੇ। ਇਹ ਵੀ ਦੱਸਿਆ ਗਿਆ ਹੈ ਕਿ ਫਾਇਰਿੰਗ ਕਾਰਨ ਸਿੱਧੂ ਮੂਸੇਵਾਲਾ ਗੱਡੀ ਦੀ ਸੀਟ ਤੋਂ ਹਿੱਲ ਨਹੀਂ ਸਕੇ।
ਗਾਇਕੀ ਦੇ ਖੇਤਰ ’ਚੋਂ ਰਾਜਨੀਤੀ ਵਿੱਚ ਆਏ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਗਰੁੱਪ ਵੱਲੋਂ ਧਮਕੀ ਦਿੱਤੀ ਹੋਈ ਦੱਸੀ ਜਾਂਦੀ ਹੈ। ਹਾਲਾਂਕਿ ਪੁਲੀਸ ਨੇ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ।
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਸਿੱਧੂ ਮੂਸੇਵਾਲਾ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਪਾਰਟੀ ਵਰਕਰਾਂ ਕੋਲ ਦਾਅਵਾ ਕੀਤਾ ਸੀ ਅਤੇ ਅੱਜ ਹੋਏ ਇਸ ਕਤਲ ਨੂੰ ਕੁਝ ਲੋਕ ਉਸ ਘਟਨਾ ਨਾਲ ਵੀ ਜੋੜ ਰਹੇ ਹਨ। ਚੇਤੇ ਰਹੇ ਕਿ ਸਿੱਧੂ ਮੂਸੇਵਾਲਾ ਨੇ ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਉਤੇ ਚੋਣ ਲੜੀ ਸੀ, ਪਰ ਉਹ ‘ਆਪ’ ਉਮੀਦਵਾਰ ਡਾ. ਵਿਜੈ ਸਿੰਗਲਾ ਕੋਲੋਂ ਲਗਪਗ 63000 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਰਾਜਨੀਤੀ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਆਪਣੀ ਮਾਤਾ ਨੂੰ ਪਿੰਡ ਮੂਸਾ ਦਾ ਸਰਪੰਚ ਬਣਾਇਆ ਸੀ। 
ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਤੇ ਦੁੱਖ ਪ੍ਰਗਟਾਉਂਦਿਆਂ ਉਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਮੂਸੇਵਾਲਾ ਦੇ ਕਤਲ ’ਤੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਸ੍ਰੀ ਮਾਨ ਨੇ ਕਿਹਾ ਕਿ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ: ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘‘ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਲਈ ਹੈ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।’’ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਹੌਸਲਾ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
‘ਆਪ’ ਨੂੰ ਸੱਤਾ ’ਚ ਰਹਿਣ ਦਾ ਹੱਕ ਨਹੀਂ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਇੱਕ ਹੋਣਹਾਰ ਸਟਾਰ ਗੁਆ ਲਿਆ ਹੈ ਜਿਸ ਨਾਲ ਡੂੰਘਾ ਸਦਮਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਤੋਂ ਦੋ ਦਿਨ ਮਗਰੋਂ ਹੀ ਗੋਲੀਆਂ ਦੀ ਬੁਛਾੜ ਹੋਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਲ ਸੱਤਾ ਵਿਚ ਬਣੇ ਰਹਿਣ ਦਾ ਹੁਣ ਕੋਈ ਨੈਤਿਕ ਹੱਕ ਨਹੀਂ ਹੈ ਅਤੇ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।
ਕਾਂਗਰਸ ਨੇ ‘ਆਪ’ ਸਰਕਾਰ ਤੋਂ ਅਸਤੀਫ਼ਾ ਮੰਗਿਆ
ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਾਂਗਰਸ ਨੇ ਪੰਜਾਬ ਦੀ ‘ਆਪ’ ਸਰਕਾਰ ਦੀ ਬਰਖ਼ਾਸਤਗੀ ਮੰਗਦਿਆਂ ਕਿਹਾ ਹੈ ਕਿ ਉਸ ਨੇ ਰਾਜ ਕਰਨ ਦਾ ਨੈਤਿਕ ਆਧਾਰ ਗੁਆ ਲਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਦਮੇ ’ਚ ਹਨ ਅਤੇ ਹੋਣਹਾਰ ਕਾਂਗਰਸ ਆਗੂ ਤੇ ਪ੍ਰਤਿਭਾਸ਼ਾਲੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਦੁਖੀ ਹਨ। ਉਨ੍ਹਾਂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਅਤੇ ਦੁਨੀਆ ਭਰ ’ਚ ਉਸ ਦੇ ਪ੍ਰਸ਼ੰਸਕਾਂ ਨਾਲ ਅਫ਼ਸੋਸ ਪ੍ਰਗਟ ਕਰਦਿਆਂ ਹਮਦਰਦੀ ਜਤਾਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਦੁਨੀਆ ਭਰ ਦੇ ਪੰਜਾਬੀਆਂ ਨੇ ਹੋਣਹਾਰ ਕਲਾਕਾਰ ਗੁਆ ਲਿਆ ਹੈ ਜਿਸ ਦਾ ਲੋਕਾਂ ’ਚ ਵੱਡਾ ਆਧਾਰ ਸੀ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਉਪਰ ਲਿਖਿਆ ਹੈ ਕਿ ਮੂਸੇਵਾਲਾ ਦੀ ਹੱਤਿਆ ਪਾਰਟੀ ਤੇ ਪੂਰੇ ਮੁਲਕ ਲਈ ਇਹ ਵੱਡਾ ਸਦਮਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦ ਹੈ। 
ਕਤਲ ਲਈ ਕੇਜਰੀਵਾਲ ਤੇ ਰਾਘਵ ਚੱਢਾ ਜ਼ਿੰਮੇਵਾਰ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਨੂੰ ਜ਼ਿੰਮੇਵਾਰ ਦੱਸਿਆ ਹੈ। ਇਥੇ ਭਾਜਪਾ ਹੈੱਡਕੁਆਰਟਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਤਰਜਮਾਨ ਸਾਂਬਿਤ ਪਾਤਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਿਮੋਰਟ ਕੰਟਰੋਲ ਰਾਹੀਂ ਪੰਜਾਬ ਨੂੰ ਚਲਾ ਰਹੇ ਹਨ। ਪਾਤਰਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਦੇ ਨਾਵਾਂ ਵਾਲੀ ਗੁਪਤ ਸੂਚੀ ਜਨਤਕ ਕੀਤੀ ਜਾਵੇ। ਪਾਤਰਾ ਨੇ ਕਿਹਾ, ‘‘ਇਹ ਇਕ ਤਰੀਕੇ ਨਾਲ ਕਾਤਲਾਂ ਨੂੰ ਖੁੱਲ੍ਹਾ ਸੱਦਾ ਸੀ, ਕਿ ਤੁਸੀਂ ਆਪਣਾ ਕੰਮ ਕਰ ਸਕਦੇ ਹੋ...ਇਸ ਕਤਲ ਲਈ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹਨ।’’ ਤਰਜਮਾਨ ਨੇ ਕਿਹਾ ਕਿ ਕੇਜਰੀਵਾਲ ਤੇ ਰਾਘਵ ਚੱਢਾ 90 ਤੇ 45 ਗੰਨਮੈਨਾਂ ਨਾਲ ਸਫ਼ਰ ਕਰਦੇ ਹਨ, ਪਰ ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਖੋਹ ਲਈ।