ਪੰਜਾਬ 'ਚ ਬਣੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਕੇਂਦਰ ਹੋਇਆ ਸਖ਼ਤ

ਪੰਜਾਬ 'ਚ ਬਣੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਕੇਂਦਰ ਹੋਇਆ ਸਖ਼ਤ

ਜਲੰਧਰ, - ਪੰਜਾਬ 'ਚ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਰਕਾਰੀ ਡਿਸਪੈਂਸਰੀਆਂ ਅਤੇ ਸਿਹਤ ਕੇਂਦਰਾਂ ਨੂੰ ਰੰਗ ਰੋਗਨ ਕਰਕੇ 'ਆਮ ਆਦਮੀ ਕਲੀਨਿਕ' ਦਾ ਨਾਂਅ ਦੇਣ 'ਤੇ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਸੂਬੇ ਦੀ 'ਆਪ' ਸਰਕਾਰ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ | ਇਸ ਵਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਕੌਮੀ ਸਿਹਤ ਮਿਸ਼ਨ ਤਹਿਤ ਭੇਜੇ ਗਏ ਕਰੋੜਾਂ ਰੁਪਏ ਦੇ ਫ਼ੰਡਾਂ ਨੂੰ ਮੁਹੱਲਾ ਕਲੀਨਿਕਾਂ 'ਤੇ ਖ਼ਰਚ ਕਰਕੇ ਕੇਂਦਰੀ ਫ਼ੰਡਾਂ ਦਾ ਦੁਰਉਪਯੋਗ ਹੀ ਨਹੀਂ ਕੀਤਾ ਸਗੋਂ ਇਸ ਮਾਮਲੇ 'ਚ ਸੂਬੇ ਦੇ ਕਰੋੜਾਂ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਹੈ | ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਕੌਮੀ ਸਿਹਤ ਮਿਸ਼ਨ ਤਹਿਤ ਆਪਣੇ ਹਿੱਸੇ ਦੇ 438 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਪੈਸਿਆਂ ਨੂੰ ਰਾਜ ਦੇ ਸਿਹਤ ਤੇ ਭਲਾਈ ਕੇਂਦਰਾਂ 'ਤੇ ਖ਼ਰਚ ਕਰਨ ਦੀ ਬਜਾਏ ਮੁਹੱਲਾ ਕਲੀਨਿਕ ਖੋਲ੍ਹਣ 'ਤੇ ਖ਼ਰਚ ਕਰ ਦਿੱਤਾ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 'ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ' ਕਹਾਵਤ ਵਾਂਗ ਸੂਬੇ 'ਚ ਖੋਲ੍ਹੇ ਗਏ 500 ਆਮ ਆਦਮੀ ਕਲੀਨਿਕਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦਿਆਂ ਇਨ੍ਹਾਂ ਦਾ ਖੂਬ ਪ੍ਰਚਾਰ ਕੀਤਾ ਗਿਆ ਸੀ, ਪਰ ਹੁਣ ਅਸਲੀਅਤ ਸਾਹਮਣੇ ਆਉਣ 'ਤੇ ਪੰਜਾਬ ਸਰਕਾਰ ਦੀ ਇਕ ਵਾਰ ਫਿਰ ਕਿਰਕਿਰੀ ਹੋਈ ਹੈ | ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਨਾ ਕੇਵਲ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਬਲਕਿ ਕੌਮੀ ਸਿਹਤ ਮਿਸ਼ਨ ਤਹਿਤ ਮਿਲਣ ਵਾਲੀ 546 ਕਰੋੜ ਰੁਪਏ ਅਗਲੀ ਕਿਸ਼ਤ ਨੂੰ ਰੋਕਣ ਤੱਕ ਦੀ ਵੀ ਚਿਤਾਵਨੀ ਦੇ ਦਿੱਤੀ ਹੈ | ਅਜਿਹੇ 'ਚ ਜੇਕਰ ਕੇਂਦਰ ਸਰਕਾਰ ਫ਼ੰਡ ਰੋਕ ਦਿੰਦੀ ਹੈ ਤਾਂ ਸੂਬੇ 'ਚ ਸਿਹਤ ਸਹੂਲਤਾਂ 'ਤੇ ਵੀ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੈ ਤੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹੋ ਸਕਦੇ ਹਨ | ਉਧਰ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕੇਂਦਰੀ ਫ਼ੰਡਾਂ ਨੂੰ ਮੁਹੱਲਾ ਕਲੀਨਿਕਾਂ 'ਤੇ ਖ਼ਰਚ ਕੀਤੇ ਜਾਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ 'ਚ ਪੰਜਾਬ ਸਰਕਾਰ 'ਤੇ ਕੌਮੀ ਸਿਹਤ ਮਿਸ਼ਨ ਤਹਿਤ ਭੇਜੇ ਗਏ ਫ਼ੰਡਾਂ ਦੇ ਦੁਰਉਪਯੋਗ ਕਰਨ ਦਾ ਵੀ ਗੰਭੀਰ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੇ ਪੈਸਿਆਂ ਦਾ ਦੁਰਉਪਯੋਗ ਕੀਤਾ ਹੈ ਤੇ ਇਨ੍ਹਾਂ ਪੈਸਿਆਂ ਨਾਲ ਸੂਬੇ ਅੰਦਰ 500 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਅਜਿਹੇ 'ਚ ਕੇਂਦਰ ਸਰਕਾਰ ਕੋਲ ਪੰਜਾਬ ਸਰਕਾਰ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਇਲਾਵਾ ਕੋਈ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ | ਹਾਲਾਂਕਿ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ 'ਚ ਵੀ ਇਸ ਯੋਜਨਾ ਦੇ ਪੈਸਿਆਂ ਦੇ ਦੁਰਉਪਯੋਗ ਦੀਆਂ ਰਿਪੋਰਟਾਂ ਹਨ ਤੇ ਉਨ੍ਹਾਂ ਵਲੋਂ ਵੱਖ-ਵੱਖ ਨਾਵਾਂ 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਤੇ ਪੰਜਾਬ 'ਚ ਇਨ੍ਹਾਂ ਸਿਹਤ ਸਹੂਲਤਾਂ ਨੂੰ ਆਮ ਆਦਮੀ ਕਲੀਨਿਕਾਂ ਦਾ ਨਾਂਅ ਦਿੱਤਾ ਗਿਆ ਹੈ | ਮਨਸੁੱਖ ਮਾਂਡਵੀਆ ਨੇ ਇਹ ਵੀ ਕਿ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰਾਂ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਰਹੀ ਹੈ ਪਰ ਕੇਂਦਰ ਵਲੋਂ ਭੇਜੇ ਗਏ ਫ਼ੰਡਾਂ ਦੀ ਗ਼ਲਤ ਵਰਤੋਂ ਕਰਨੀ ਜਾਇਜ਼ ਨਹੀਂ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰਾਂ ਐਮ. ਓ. ਯੂ. ਦੇ ਤਹਿਤ ਯੋਜਨਾ ਦੇ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੀਆਂ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਬੰਦ ਕਰਦੀਆਂ ਹਨ ਤਾਂ ਕੇਂਦਰ ਦੇ ਕੋਲ ਕਾਰਵਾਈ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ |

sant sagar