ਕਾਂਗਰਸ ਨੂੰ ਝਟਕਾ : ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਖਾਸਮਖਾਸ 4 ਕੌਂਸਲਰ 'ਆਪ' 'ਚ ਸ਼ਾਮਲ

ਕਾਂਗਰਸ ਨੂੰ ਝਟਕਾ : ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਖਾਸਮਖਾਸ 4 ਕੌਂਸਲਰ 'ਆਪ' 'ਚ ਸ਼ਾਮਲ

ਭਵਾਨੀਗੜ੍ਹ : ਅੱਜ ਉਸ ਸਮੇਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦੋੰ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਕੀਤੀ ਜਾਂਦੀ ਜਲਾਲਤ ਤੋੰ ਨਾਰਾਜ਼ ਕਾਂਗਰਸ ਦੇ 4 ਮੌਜੂਦਾ ਕੌੰਸਲਰਾਂ ਨੇ 'ਆਪ' 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। 'ਆਪ' ਦੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਾਂਗਰਸ ਛੱਡ ਕੇ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਏ ਕੌੰਸਲਰ ਸੰਜੀਵ ਕੁਮਾਰ ਸੰਜੂ ਵਰਮਾ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਲਾਲੀ ਸਮੇਤ ਮਹਿਲਾ ਕੌੰਸਲਰ ਸਤਿੰਦਰ ਕੌਰ ਦੇ ਪੁੱਤਰ ਇਕਬਾਲ ਤੂਰ ਦਾ ਸਿਰੌਪੇ ਪਾ ਕੇ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ 'ਆਪ' ਦਾ ਝਾੜੂ ਫੜਨ ਵਾਲੇ ਉਕਤ ਕੌੰਸਲਰ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਖਾਸਮਖਾਸ ਮੰਨੇ ਜਾਂਦੇ ਸਨ ਤੇ ਸਿੰਗਲਾ ਨੇ ਉਕਤ ਕੌੰਸਲਰਾਂ ਨੂੰ ਜਿਤਾਉਣ ਲਈ ਆਪ ਖ਼ੁਦ ਘਰ-ਘਰ ਜਾ ਕੇ ਵੋਟ ਮੰਗੇ ਸਨ। ਸਿੰਗਲਾ ਦੀ ਬਦੌਲਤ ਹੀ ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਗਰ ਕੌੰਸਲ ਦੀ ਚੋਣ ਜਿੱਤੀ ਸੀ। ਇਹ ਵੀ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਹੱਥੋੰ ਸੱਤਾ ਜਾਣ ਮਗਰੋੰ ਉਕਤ ਕੌੰਸਲਰਾਂ ਨੇ ਆਪਣੀ ਹੀ ਪਾਰਟੀ ਦੀ ਨਗਰ ਕੌੰਸਲ ਦੀ ਮੌਜੂਦਾ ਮਹਿਲਾ ਪ੍ਰਧਾਨ ਸੁਖਜੀਤ ਕੌਰ ਖਿਲਾਫ਼ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜ ਕੇ ਉਸਦੇ ਕਾਰਜਕਾਲ ਦੌਰਾਨ ਹੋਏ ਕੰਮਾਂ 'ਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਵਿਜੀਲੈੰਸ ਵਿਭਾਗ ਤੋੰ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮੌਕੇ 'ਆਪ' 'ਚ ਸ਼ਾਮਲ ਹੋਏ ਕੌੰਸਲਰ ਸੰਜੂ ਵਰਮਾ ਤੇ ਉਨ੍ਹਾਂ ਦੇ ਸਾਥੀਆਂ ਨੇ ਆਖਿਆ ਕਿ ਕਾਂਗਰਸ 'ਚ ਰਹਿ ਕੇ ਉਨ੍ਹਾਂ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਆਗੂਆਂ ਨੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਤਾਂ ਕੀ ਪਾਉਣਾ ਸੀ ਬਲਕਿ ਉਨ੍ਹਾ ਨੂੰ ਹਰ ਥਾਂ ਜਲੀਲ ਕੀਤਾ ਗਿਆ ਭਾਵ ਉਨ੍ਹਾਂ ਦੀ ਬੇਹੱਦ ਅਣਦੇਖੀ ਕੀਤੀ ਜਾਂਦੀ ਰਹੀ। ਵਰਮਾ ਨੇ ਕਾਂਗਰਸੀ ਆਗੂਆਂ 'ਤੇ ਨਗਰ ਕੌੰਸਲ ਵਿੱਚ ਵੀ ਧੜੇਬੰਦੀ ਨੂੰ ਉਭਾਰਨ ਦੇ ਦੋਸ਼ ਲਗਾਏ ਹਨ। ਇਸ ਮੌਕੇ ਆਪ ਦੇ ਸੀਨੀਅਰ ਆਗੂ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਮਿੱਤਲ ਦੀਪਾ, 'ਆਪ' ਭਵਾਨੀਗੜ੍ਹ ਦੇ ਸ਼ਹਿਰੀ ਪ੍ਰਧਾਨ ਭੀਮ ਸਿੰਘ ਗਾੜੀਆ, ਮਹਿਲਾ ਪ੍ਰਧਾਨ ਸਿੰਦਰਪਾਲ ਕੌਰ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨਦਾਮਪੁਰ ਤੇ ਜਗਤਾਰ ਸਿੰਘ ਆਦਿ 'ਆਪ' ਵਲੰਟੀਅਰ ਹਾਜ਼ਰ ਸਨ।

ad