ਤੁਰਕੀ: ਭੂਚਾਲ ਪ੍ਰਭਾਵਿਤ ਇਲਾਕੇ ’ਚ ਚਮਤਕਾਰੀ ਢੰਗ ਨਾਲ ਬਚੀ ਔਰਤ

ਤੁਰਕੀ: ਭੂਚਾਲ ਪ੍ਰਭਾਵਿਤ ਇਲਾਕੇ ’ਚ ਚਮਤਕਾਰੀ ਢੰਗ ਨਾਲ ਬਚੀ ਔਰਤ

ਅੰਟਾਕਿਆ,
ਭੂਚਾਲ ਨਾਲ ਤਬਾਹ ਹੋਏ ਤੁਰਕੀ ਵਿਚ ਬਚਾਅ ਕਰਮੀਆਂ ਨੇ ਅੱਜ ਇਕ 40 ਸਾਲਾ ਔਰਤ ਨੂੰ ਇਮਾਰਤ ਦੇ ਮਲਬੇ ’ਚੋਂ ਜਿਊਂਦੇ ਕੱਢ ਲਿਆ। ਹਾਲਾਂਕਿ ਹੁਣ ਕਿਸੇ ਦੇ ਬਚ ਸਕਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਭੂਚਾਲ ਨੂੰ ਇਕ ਹਫ਼ਤਾ ਬੀਤ ਚੁੱਕਾ ਹੈ। ਮਨੁੱਖੀ ਸਰੀਰ ਐਨੇ ਸਮੇਂ ਤੱਕ ਬਿਨਾਂ ਪਾਣੀ ਤੋਂ ਕੰਮ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਤਾਪਮਾਨ ਵੀ ਸਿਫ਼ਰ ਤੋਂ ਹੇਠਾਂ ਹੈ। ਜ਼ਿਕਰਯੋਗ ਹੈ ਕਿ ਤੁਰਕੀ ਤੇ ਸੀਰੀਆ ਵਿਚ 6 ਫਰਵਰੀ ਨੂੰ ਕੁਝ ਸਮੇਂ ਦੇ ਫ਼ਰਕ ਨਾਲ 7.8 ਤੇ 7.5 ਦੀ ਤੀਬਰਤਾ ਵਾਲੇ ਦੋ ਭੂਚਾਲ ਆਏ ਸਨ। ਹੁਣ ਤੱਕ ਦੋਵਾਂ ਮੁਲਕਾਂ ਵਿਚ 33 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਵੱਡੀ ਗਿਣਤੀ ਲਾਸ਼ਾਂ ਮਲਬੇ ਹੇਠ ਦੱਬੀਆਂ ਹੋਈਆਂ ਹਨ। ਕਈ ਵੱਡੇ ਕਸਬੇ ਤੇ ਸ਼ਹਿਰ ਮਲਬੇ ਵਿਚ ਤਬਦੀਲ ਹੋ ਗਏ ਹਨ। ਗਾਜ਼ੀਆਂਤੇਪ ਸੂਬੇ ਵਿਚ ਜਿਊਂਦੀ ਕੱਢੀ ਗਈ ਔਰਤ ਦਾ ਨਾਂ ਸਿਬੇਲ ਕਾਇਆ ਹੈ। ਉਸ ਨੂੰ ਇਜ਼ਲਾਹੀਏ ਕਸਬੇ ਵਿਚ ਢਹਿ-ਢੇਰੀ ਹੋਈ ਪੰਜ ਮੰਜ਼ਿਲਾ ਇਮਾਰਤ ਵਿਚੋਂ ਬਚਾਇਆ ਗਿਆ ਹੈ। ਉਹ ਕਰੀਬ 170 ਘੰਟੇ ਮਲਬੇ ਹੇਠ ਦੱਬੀ ਰਹੀ। ਵੱਖ-ਵੱਖ ਮਾਹਿਰਾਂ ਦੀ ਟੀਮ ਨੇ ਉਸ ਨੂੰ ਬਚਾਇਆ ਹੈ। ਇਸ ਤੋਂ ਪਹਿਲਾਂ ਇਕ 60 ਸਾਲਾ ਔਰਤ ਨੂੰ ਅਦੀਯਮਨ ਸੂਬੇ ਵਿਚ ਬਚਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਰਤਾਂ ਡਿੱਗਣ ਦੇ ਮਾਮਲੇ ਵਿਚ 131 ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਇਹ ਇਮਾਰਤਾਂ ਭੂਚਾਲ ਸੰਵੇਦਨਸ਼ੀਲ ਇਲਾਕੇ ਵਿਚ ਝਟਕੇ ਨਹੀਂ ਝੱਲ ਸਕੀਆਂ। ਸੀਰੀਆ ਦੇ ਬਾਗ਼ੀਆਂ ਦੇ ਇਲਾਕੇ ਵਿਚ ਮੌਤਾਂ ਦੀ ਗਿਣਤੀ 2166 ਹੋ ਗਈ ਹੈ। ਮੁਲਕ ਵਿਚ 3500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।


ਤੁਰਕੀ ’ਚ ਮਾਰੇ ਗਏ ਭਾਰਤੀ ਦੀ ਲਾਸ਼ ਉੱਤਰਾਖੰਡ ਪੁੱਜੀ

ਕੋਟਦਵਾਰ (ਉਤਰਾਖੰਡ):
ਤੁਰਕੀ ਵਿੱਚ ਪਿਛਲੇ ਹਫ਼ਤੇ ਆਏ ਭੂਚਾਲ ਵਿੱਚ ਜਾਨ ਗੁਆਉਣ ਵਾਲੇ ਵਿਜੈ ਕੁਮਾਰ ਗੌੜ ਦੀ ਲਾਸ਼ ਸੋਮਵਾਰ ਨੂੰ ਸਵੇਰੇ ਦਿੱਲੀ ਲਿਆਂਦੀ ਗਈ ਅਤੇ ਕੋਟਦਵਾਰ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਦੇਵੇਂਦਰ ਨਵਾਨੀ ਨੇ ਦੱਸਿਆ ਕਿ ਗੌੜ ਦੀ ਲਾਸ਼ ਨੂੰ ਦਿੱਲੀ ਵਿੱਚ ਉਸ ਦੇ ਪਰਿਵਾਰਕ ਜੀਆਂ ਨੂੰ ਸੌਂਪ ਦਿੱਤਾ ਗਿਆ ਸੀ।

ad