ਏ. ਐਸ. ਆਈ. ਤੋਂ ਤੰਗ ਔਰਤ ਵਲੋਂ ਖ਼ੁਦਕੁਸ਼ੀ

ਏ. ਐਸ. ਆਈ. ਤੋਂ ਤੰਗ ਔਰਤ ਵਲੋਂ ਖ਼ੁਦਕੁਸ਼ੀ

ਮਾਨਸਾ, - ਏ. ਐਸ. ਆਈ. ਤੋਂ ਤੰਗ ਆ ਕੇ ਔਰਤ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਰੇਲਵੇ ਪੁਲਿਸ ਮਾਨਸਾ ਨੇ ਇਸ ਮਾਮਲੇ ਵਿਚ ਟਰੈਫ਼ਿਕ ਪੁਲਿਸ ਮਾਨਸਾ 'ਚ ਤਾਇਨਾਤ ਏ. ਐਸ. ਆਈ. ਖ਼ਿਲਾਫ਼ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ ਜਦਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਥਿਤ ਦੋਸ਼ੀ ਨੇ ਉਸ ਦਾ ਕਤਲ ਕੀਤਾ ਹੈ। ਦੱਸਣਯੋਗ ਹੈ ਕਿ ਅਮਨਦੀਪ ਕੌਰ (30) ਵਾਸੀ ਮੌੜ ਮੰਡੀ ਜੋ ਇਥੇ ਕਿਰਾਏ ਦੇ ਕਮਰੇ 'ਚ ਰਹਿੰਦੀ ਸੀ, ਦੀ ਲਾਸ਼ ਰੇਲਵੇ ਪਟੜੀ ਨੇੜਿਓਂ ਮਿਲੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਜੋ ਬੱਚੀ ਦੀ ਮਾਂ ਵੀ ਹੈ, ਦੇ ਪਤੀ ਜਤਿੰਦਰ ਸਿੰਘ ਦੀ 9 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਪਿਛਲੇ ਮਹੀਨਿਆਂ ਤੋਂ ਉਹ ਏ. ਐਸ. ਆਈ ਬਿੱਕਰ ਸਿੰਘ ਨਾਲ ਲਿਵ ਇਨ 'ਚ ਰਹਿ ਰਹੀ ਸੀ। ਮਿਲੇ ਖ਼ੁਦਕੁਸ਼ੀ ਨੋਟ 'ਚ ਮ੍ਰਿਤਕਾ ਨੇ ਲਿਖਿਆ ਹੈ ਕਿ ਉਕਤ ਏ.ਐਸ.ਆਈ. ਨੇ ਉਸ ਨੂੰ ਪਤਨੀ ਮੰਨ ਕੇ ਵਾਅਦਾ ਲਿਆ ਸੀ ਕਿ ਹੋਰ ਵਿਆਹ ਨਹੀਂ ਕਰਵਾਏਗੀ। ਉਸ ਦਾ ਦੋਸ਼ ਹੈ ਕਿ ਉਹ ਡੇਢ ਮਹੀਨਾ ਪਹਿਲਾਂ ਗਰਭਵਤੀ ਹੋ ਗਈ ਸੀ, ਜੋ ਏ.ਐਸ.ਆਈ ਦਾ ਬੱਚਾ ਸੀ ਅਤੇ ਉਸ ਨੇ ਦਵਾਈਆਂ ਦੇ ਕੇ ਧੱਕੇ ਨਾਲ ਗਰਭਪਾਤ ਕਰਵਾ ਦਿੱਤਾ। ਉਪਰੰਤ ਉਹ ਉਸ ਦੀ ਕੁੱਟਮਾਰ ਕਰਨ ਲੱਗ ਪਿਆ, ਜਿਸ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਰਹੀ ਹੈ। ਔਰਤ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬਿੱਕਰ ਸਿੰਘ ਨੇ ਖ਼ੁਦ ਫ਼ੋਨ ਕਰਕੇ ਕਿਹਾ ਸੀ ਕਿ ਤੁਹਾਡੀ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜਦ ਕਮਰੇ 'ਚ ਵੇਖਿਆ ਗਿਆ ਤਾਂ ਪੱਖੇ ਨਾਲ ਚੁੰਨੀ ਲਟਕ ਰਹੀ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਅਮਨਦੀਪ ਦਾ ਕਤਲ ਕਰ ਕੇ ਲਾਸ਼ ਨੂੰ ਰੇਲਵੇ ਪਟੜੀ ਨੇੜੇ ਸੁੱਟਿਆ ਗਿਆ ਹੈ।

sant sagar