ਤੁਰਕੀ 'ਚ ਤਬਾਹੀ ਮਗਰੋਂ 131 ਬਿਲਡਿੰਗ ਠੇਕੇਦਾਰ ਗਿ੍ਫ਼ਤਾਰ

ਤੁਰਕੀ 'ਚ ਤਬਾਹੀ ਮਗਰੋਂ 131 ਬਿਲਡਿੰਗ ਠੇਕੇਦਾਰ ਗਿ੍ਫ਼ਤਾਰ

ਅੰਤਾਕਿਆ (ਤੁਰਕੀ), (ਏਜੰਸੀ) - ਤੁਰਕੀ ਤੇ ਸੀਰੀਆ 'ਚ 6 ਦਿਨਾਂ ਬਾਅਦ ਵੀ ਮਲਬੇ ਦੇ ਢੇਰਾਂ 'ਚੋਂ ਖੁਸ਼ਕਿਸਮਤ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ | ਹੁਣ ਤੱਕ 33179 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 92,600 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ | ਇਸੇ ਦੌਰਾਨ ਤੁਰਕੀ 'ਚ ਭੁਚਾਲ ਕਾਰਨ ਮਲਬੇ 'ਚ ਤਬਦੀਲ ਹੋਈਆਂ ਇਮਾਰਤਾਂ ਦੇ ਨਿਰਮਾਣ 'ਚ ਸ਼ਾਮਿਲ ਕਰੀਬ 131 ਬਿਲਡਿੰਗ ਠੇਕੇਦਾਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ 8 ਸੂਬਿਆਂ 'ਚ ਲੁੱਟ-ਖੋਹ ਦੇ ਦੋਸ਼ ਹੇਠ 98 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਇਨ੍ਹਾਂ 'ਚੋਂ 42 ਲੋਕ ਹਤਾਏ ਸੂਬੇ ਦੇ ਹਨ | ਅਦਾਨਾ ਸ਼ਹਿਰ 'ਚ ਭੁਚਾਲ ਕਾਰਨ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮੱਦੇਨਜ਼ਰ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ | ਤੁਰਕੀ ਦੇ ਉਪ-ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਹੈ ਕਿ ਢਹਿ-ਢੇਰੀ ਇਮਾਰਤਾਂ ਲਈ ਜ਼ਿੰਮੇਵਾਰ 131 ਲੋਕਾਂ ਦੀ ਹਿਰਾਸਤ ਲਈ ਵਾਰੰਟ ਜਾਰੀ ਕੀਤੇ ਗਏ ਹਨ। ਤੁਰਕੀ ਦੇ ਨਿਆਂ ਮੰਤਰੀ ਨੇ ਇਸ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਸਜ਼ਾ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ ਤੇ ਸਰਕਾਰੀ ਵਕੀਲਾਂ ਨੇ ਉਸਾਰੀਆਂ 'ਚ ਵਰਤੀ ਗਈ ਸਮੱਗਰੀ ਦੇ ਸਬੂਤਾਂ ਲਈ ਇਮਾਰਤਾਂ ਦੇ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭੁਚਾਲ ਭਾਵੇਂ ਸ਼ਕਤੀਸ਼ਾਲੀ ਸਨ, ਪਰ ਪੀੜਤ, ਮਾਹਿਰ ਤੇ ਤੁਰਕੀ ਦੇ ਲੋਕ ਤਬਾਹੀ ਲਈ ਖਰਾਬ ਉਸਾਰੀ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਹਨ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਮਦਦ ਭੇਜਣ ਵਾਲੀ ਯੂਨਿਟ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਜਿਵੇਂ ਹੀ ਮਲਬਾ ਸਾਫ਼ ਹੋ ਜਾਵੇਗਾ, ਲਾਸ਼ਾਂ ਬਰਾਮਦ ਕੀਤੀਆਂ ਜਾਣਗੀਆਂ।

ad