ਅਕਾਲੀ ਦਲ ਛੱਡਣ ਬਾਰੇ ਫ਼ੈਸਲਾ ਕੁਝ ਦਿਨਾਂ ’ਚ ਕਰਾਂਗਾ: ਬੋਨੀ ਅਜਨਾਲਾ

ਅਕਾਲੀ ਦਲ ਛੱਡਣ ਬਾਰੇ ਫ਼ੈਸਲਾ ਕੁਝ ਦਿਨਾਂ ’ਚ ਕਰਾਂਗਾ: ਬੋਨੀ ਅਜਨਾਲਾ

ਅਜਨਾਲਾ, 
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਇੱਥੋਂ ਦੇ ਇੱਕ ਨਿੱਜੀ ਪੈਲੇਸ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਤੇ ਪਾਰਟੀ ਸਬੰਧੀ ਵਰਕਰਾਂ ਦੀ ਰਾਏ ਜਾਣਨ ਲਈ ਵਰਕਰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਿੱਥੇ ਹਰੇਕ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਨੂੰ ਕੋਸਿਆ ਉੱਥੇ ਹੀ ਬੋਨੀ ਅਜਨਾਲਾ ਨੂੰ ਪਾਰਟੀ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਦਾ ਵੀ ਵਿਰੋਧ ਕੀਤਾ ਗਿਆ। ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਵਰਕਰਾਂ ਨੇ ਭਾਵੇਂ ਕੇਂਦਰ ਦੀ ਸੱਤਾਧਾਰੀ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਬੋਨੀ ਅਜਨਾਲਾ ’ਤੇ ਛੱਡਿਆ, ਪਰ ਬੋਨੀ ਅਜਨਾਲਾ ਨੇ ਆਉਂਦੇ ਦਿਨਾਂ ਦੌਰਾਨ ਸਲਾਹ ਮਸ਼ਵਰੇ ਨਾਲ ਇਸ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰਨ ਦੀ ਗੱਲ ਆਖੀ ਹੈ। ਇਸ ਮੌਕੇ ਬੋਨੀ ਅਜਨਾਲਾ ਨੇ ਕਿਹਾ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਉਨ੍ਹਾਂ ਨੂੰ ਕੁਝ ਗੱਲਾਂ ਦਾ ਜਵਾਬ ਦੇਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਪੂਰੇ ਵੇਰਵੇ ਸਹਿਤ ਅਨੁਸ਼ਾਸਨੀ ਕਮੇਟੀ ਨੂੰ ਜਵਾਬ ਭੇਜਿਆ ਸੀ ਪਰ ਕਮੇਟੀ ਵੱਲੋਂ ਮੁੜ ਉਨ੍ਹਾਂ ਦਾ ਕੋਈ ਪੱਖ ਸੁਣਨ ਜਾਂ ਬੁਲਾ ਕੇ ਗੱਲ ਕਰਨ ਦੀ ਬਜਾਏ ਹਲਕਾ ਮਜੀਠਾ ਨਾਲ ਸਬੰਧਿਤ ਆਗੂ ਨੂੰ ਅਜਨਾਲਾ ਦਾ ਹਲਕਾ ਇੰਚਾਰਜ ਲਗਾ ਕੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਹੈ ਜਿਸ ਦਾ ਵਰਕਰਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਭਾਰੂ ਹੈ ਜਿਸ ਨਾਲ ਪਾਰਟੀ ਖਤਮ ਹੋਣ ਦੇ ਕੰਢੇ ਖੜ੍ਹੀ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਜਿੰਨੇ ਵੀ ਪੰਥਕ ਮੁੱਦੇ ਭਾਵੇਂ ਗੁਰੁੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦਾ ਮਾਮਲਾ ਹੋਵੇ, ਬੰਦੀ ਸਿੱਖਾਂ ਦੀ ਰਿਹਾਈ ਜਾਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣੀ ਇਹ ਸਭ ਅਕਾਲੀ ਹਾਈ ਕਮਾਨ ਦੀ ਢਿੱਲ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਰਹਿਣਾਂ ਜਾਂ ਪਾਰਟੀ ਬਦਲ ਕੇ ਕਿਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਅਗਲੇ ਕੁਝ ਦਿਨਾਂ ਦਰਮਿਆਨ ਕੀਤਾ ਜਾਵੇਗਾ। ਇਸੇ ਦੌਰਾਨ ਉਨ੍ਹਾਂ ਵੱਲੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਬੋਨੀ ਅਜਨਾਲਾ ਦੀ ਮਾਤਾ ਡਾ. ਅਵਤਾਰ ਕੌਰ, ਭਰਾ ਕੈਟੀ ਪਰਮਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਹੋਏ।

ਸਾਬਕਾ ਕੈਬਨਿਟ ਮੰਤਰੀ ਰਤਨ ਸਿੰਘ ਅਜਨਾਲਾ ਰਹੇ ਗੈਰ ਹਾਜ਼ਰ 

ਵਰਕਰ ਮੀਟਿੰਗ ਦੌਰਾਨ ਬੋਨੀ ਅਜਨਾਲਾ ਦੇ ਪਿਤਾ ਤੇ ਸਾਬਕਾ ਕੈਬਨਿਟ ਮੰਤਰੀ ਡਾ. ਰਤਨ ਸਿੰਘ ਅਜਨਾਲਾ ਗੈਰ ਹਾਜ਼ਰ ਰਹੇ ਭਾਵੇਂ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਦਾ ਕਾਰਨ ਕੁਝ ਜ਼ਰੂਰੀ ਰਝੇਵੇਂ ਦੱਸਿਆ ਗਿਆ ਪਰ ਡਾ. ਅਜਨਾਲਾ ਦਾ ਇਸ ਮੀਟਿੰਗ ਵਿੱਚ ਨਾ ਪਹੁੰਚਣਾਂ ਵੀ ਚਰਚਾ ਵਿੱਚ ਰਿਹਾ।

sant sagar