ਲੰਮੀਆਂ ਉਡੀਕਾਂ ਕਾਰਨ ਇਲਾਜ ਕਰਵਾਉਣ ਤੋਂ ਗੁਰੇਜ਼ ਕਰ ਰਹੇ ਲੋਕ

ਲੰਮੀਆਂ ਉਡੀਕਾਂ ਕਾਰਨ ਇਲਾਜ ਕਰਵਾਉਣ ਤੋਂ ਗੁਰੇਜ਼ ਕਰ ਰਹੇ ਲੋਕ

 ਲੰਮੀਆਂ ਉਡੀਕਾਂ ਕਾਰਨ ਇਲਾਜ ਕਰਵਾਉਣ ਤੋਂ ਗੁਰੇਜ਼ ਕਰ ਰਹੇ ਲੋਕ
ਕੈਨੇਡਾ ਦੀ ਜਨਤਕ ਸਿਹਤ ਪ੍ਰਣਾਲੀ ਵਿੱਚ ਡਾਕਟਰਾਂ ਦੀ ਘਾਟ ਅਤੇ ਲੰਮੀਆਂ ਉਡੀਕਾਂ ਕਾਰਨ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲਣਾ ਮੁਸ਼ਕਲ ਹੋ ਰਿਹਾ ਹੈ। ਇੱਕ ਸਰਵੇਖਣ ਮੁਤਾਬਕ, ਲਗਪਗ ਅੱਧੇ ਕੈਨੇਡੀਅਨ ਉਡੀਕ ਸਮਾਂ ਲੰਮਾ ਹੋਣ ਦੇ ਡਰੋਂ ਡਾਕਟਰ ਕੋਲ ਜਾਂ ਹਸਪਤਾਲ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਸੈਕਿੰਡ ਸਟਰੀਟ ਡਾਟ ਓ ਆਰ ਜੀ ਅਤੇ ਕੈਨੇਡੀਅਨ ਕਾਂਸਟੀਚਿਊਸ਼ਨ ਫਾਊਂਡੇਸ਼ਨ ਵੱਲੋਂ ਕਰਵਾਏ ਸਰਵੇਖਣ ਅਨੁਸਾਰ, 84 ਫ਼ੀਸਦੀ ਲੋਕ ਮੌਜੂਦਾ ਸਿਹਤ ਪ੍ਰਣਾਲੀ ਵਿੱਚ ਤਬਦੀਲੀਆਂ ਦੇ ਹੱਕ ਵਿੱਚ ਹਨ। ਨਿੱਜੀ ਸਿਹਤ ਸੇਵਾਵਾਂ ਬਾਰੇ ਵੀ ਲੋਕਾਂ ਦੀ ਰਾਇ ਸਾਹਮਣੇ ਆਈ ਹੈ। ਸਰਵੇਖਣ ਵਿੱਚ ਸ਼ਾਮਲ 61 ਫ਼ੀਸਦੀ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰੀ ਪ੍ਰਣਾਲੀ ਸਮੇਂ ਸਿਰ ਇਲਾਜ ਨਹੀਂ ਦੇ ਸਕਦੀ ਤਾਂ ਮਰੀਜ਼ਾਂ ਨੂੰ ਨਿੱਜੀ ਕਲੀਨਿਕਾਂ ਵਿੱਚ ਸਰਜਰੀ ਕਰਵਾਉਣ ਲਈ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। 27 ਫ਼ੀਸਦੀ ਲੋਕ ਨਿੱਜੀ ਸਿਹਤ ਸੇਵਾਵਾਂ ਲਈ ਪਹਿਲਾਂ ਹੀ ਭੁਗਤਾਨ ਕਰ ਚੁੱਕੇ ਹਨ। ਕਿਊਬੈਕ ਵਿੱਚ ਇਹ ਅੰਕੜਾ 46 ਫ਼ੀਸਦੀ ਹੈ। ਮੈਨੀਟੋਬਾ ਵਿੱਚ ਵੀ ਸਿਹਤ ਸੇਵਾਵਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ‘ਡਾਕਟਰਜ਼ ਮੈਨੀਟੋਬਾ’ ਦੀ ਸਾਲਾਨਾ ਰਿਪੋਰਟ ਮੁਤਾਬਕ, ਸੂਬੇ ਵਿੱਚ ਹਰ ਇੱਕ ਲੱਖ ਵਸਨੀਕਾਂ ਪਿੱਛੇ 235 ਡਾਕਟਰ ਹਨ। ਇਹ ਗਿਣਤੀ ਪਿਛਲੇ ਸਾਲ ਨਾਲੋਂ 4.5 ਫ਼ੀਸਦੀ ਵੱਧ ਹੈ ਅਤੇ ਕੌਮੀ ਔਸਤ ਦੇ ਨੇੜੇ ਹੈ। ਇਸ ਦੇ ਬਾਵਜੂਦ, ਸੂਬੇ ਵਿੱਚ 225 ਮਾਹਿਰ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਮਰੀਜ਼ਾਂ ਨੂੰ ਜਾਂਚਾਂ, ਮਾਹਿਰਾਂ ਦੀ ਸਲਾਹ ਅਤੇ ਸਰਜਰੀਆਂ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਐੱਮ ਈ ਆਈ ਦੇ ਵਾਈਸ ਪ੍ਰਧਾਨ ਰੇਨੌਡ ਬ੍ਰੋਸਾਰਡ ਨੇ ਚਿੰਤਾ ਜ਼ਾਹਰ ਕੀਤੀ ਕਿ ਉਡੀਕਾਂ ਕਾਰਨ ਇਲਾਜ ਤੋਂ ਬਚਣ ਵਾਲੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ। ਕੈਨੇਡੀਅਨ ਇੰਸਟੀਚਿਊਟ ਫ਼ਾਰ ਹੈਲਥ ਇਨਫਰਮੇਸ਼ਨ (CIHI) ਅਨੁਸਾਰ, ਦੇਸ਼ ਵਿੱਚ ਲਗਪਗ 60 ਲੱਖ ਲੋਕਾਂ ਕੋਲ ਫੈਮਲੀ ਡਾਕਟਰ ਨਹੀਂ ਹੈ। ਸਾਲ 2024-25 ਦੌਰਾਨ ਐਮਰਜੈਂਸੀ ਵਿਭਾਗਾਂ ਵਿੱਚ ਹਰ 10 ਵਿੱਚੋਂ ਇੱਕ ਮਰੀਜ਼ ਨੂੰ 14 ਘੰਟੇ ਜਾਂ ਇਸ ਤੋਂ ਵੱਧ ਉਡੀਕ ਕਰਨੀ ਪਈ। ਲਗਪਗ 12 ਲੱਖ ਮਰੀਜ਼ ਡਾਕਟਰ ਨੂੰ ਮਿਲੇ ਬਿਨਾਂ ਹੀ ਐਮਰਜੈਂਸੀ ਵਿਭਾਗ ਛੱਡ ਗਏ।
 

sant sagar