Canada: ਫਰਜ਼ੀ ਸ਼ਨਾਖ਼ਤੀ ਕਾਰਡ ਤੇ ਸ਼ੱਕੀ ਡਰਾਈਵਿੰਗ ਨੇ ਫਸਾਇਆ: ਕੈਨੇਡਾ ’ਚ ਇੰਝ ਮੁੱਕਿਆ ਗੈਂਗਸਟਰ ਅੰਮ੍ਰਿਤਪਾਲ ਬਾਠ ਦਾ ਲੁਕਣਮੀਚੀ ਦਾ ਦੌਰ
Canada: ਫਰਜ਼ੀ ਸ਼ਨਾਖ਼ਤੀ ਕਾਰਡ ਤੇ ਸ਼ੱਕੀ ਡਰਾਈਵਿੰਗ ਨੇ ਫਸਾਇਆ: ਕੈਨੇਡਾ ’ਚ ਇੰਝ ਮੁੱਕਿਆ ਗੈਂਗਸਟਰ ਅੰਮ੍ਰਿਤਪਾਲ ਬਾਠ ਦਾ ਲੁਕਣਮੀਚੀ ਦਾ ਦੌਰ
ਸਰੀ ਪੁਲੀਸ ਦੀ ਆਮ ਟਰੈਫਿਕ ਚੈਕਿੰਗ ਦੌਰਾਨ ਰੈੱਡ ਕਾਰਨਰ ਨੋਟਿਸ ਵਾਲੇ ਬਦਮਾਸ਼ ਦਾ ਖੁੱਲ੍ਹਿਆ ਭੇਤ; ਪੰਜਾਬ ਪੁਲੀਸ ਨੇ ਹਵਾਲਗੀ ਲਈ ਕਾਗ਼ਜ਼ੀ ਕਾਰਵਾਈ ਵਿੱਢੀ ਪੰਜਾਬ ਵਿੱਚ ਲਗਭਗ 20 ਸੰਗੀਨ ਮਾਮਲਿਆਂ ’ਚ ਲੋੜੀਂਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੀ ਕੈਨੇਡਾ ਵਿੱਚ ਗ੍ਰਿਫ਼ਤਾਰੀ ਦੀ ਪੁਸ਼ਟੀ ਇੰਟਰਪੋਲ ਵੱਲੋਂ ਕਰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਖ਼ਤਰਨਾਕ ਗੈਂਗਸਟਰ ਕਿਸੇ ਖੁਫ਼ੀਆ ਸੂਹ ਜਾਂ ਯੋਜਨਾਬੱਧ ਕਾਰਵਾਈ ਕਾਰਨ ਨਹੀਂ, ਬਲਕਿ ਪੂਰੀ ਤਰ੍ਹਾਂ ਸੰਜੋਗਵਸ਼ ਪੁਲੀਸ ਦੇ ਅੜਿੱਕੇ ਚੜ੍ਹਿਆ। ‘ਵੈਸਟਰਨ ਸਟੈਂਡਰਡ’ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੀ ਸਰੀ ਪੁਲੀਸ ਨੇ 8 ਅਕਤੂਬਰ ਨੂੰ ਮਹਿਜ਼ ਇੱਕ ਕਾਰ ਚਾਲਕ ਦੀ ਜਾਂਚ ਲਈ ਗੱਡੀ ਰੋਕੀ ਸੀ, ਜਿਸ ਵਿੱਚ ਬਾਠ ਬਤੌਰ ਮੁਸਾਫ਼ਰ ਸਵਾਰ ਸੀ। ਜ਼ਿਕਰਯੋਗ ਹੈ ਕਿ ‘ਟ੍ਰਿਬਿਊਨ’ ਨੇ 26 ਅਕਤੂਬਰ ਨੂੰ ਹੀ ਬਾਠ ਦੇ ਕੈਨੇਡਾ ਵਿੱਚ ਹਿਰਾਸਤ ’ਚ ਲਏ ਜਾਣ ਦੀ ਖ਼ਬਰ ਨਸ਼ਰ ਕਰ ਦਿੱਤੀ ਸੀ। ਹੁਣ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਵੀ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਉਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਚਾਰਾਜੋਈ ਤੇ ਕਾਗ਼ਜ਼ੀ ਪ੍ਰਕਿਰਿਆ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ 8 ਅਕਤੂਬਰ ਦੀ ਸ਼ਾਮ ਨੂੰ ਸਰੀ ਦੇ ਵ੍ਹੀਲੀ ਇਲਾਕੇ ਵਿੱਚ ਪੁਲੀਸ ਨੇ ਇੱਕ ਕਾਰ ਨੂੰ ਬੇਤਰਤੀਬੇ ਢੰਗ ਨਾਲ ਚੱਲਦੇ ਦੇਖ ਕੇ ਰੋਕਿਆ। ਕਾਰ ਦੀ ਮੂਹਰਲੀ ਸੀਟ ’ਤੇ ਬੈਠੇ ਅੰਮ੍ਰਿਤਪਾਲ ਬਾਠ ਨੇ ਆਪਣਾ ਨਾਂ ਹਰਪ੍ਰੀਤ ਸਿੰਘ ਦੱਸਿਆ ਅਤੇ ਇਸੇ ਨਾਂ ਦਾ ਇੱਕ ਸ਼ਨਾਖ਼ਤੀ ਕਾਰਡ ਪੇਸ਼ ਕੀਤਾ। ਸਰੀ ਪੁਲੀਸ ਦੇ ਬੁਲਾਰੇ ਇਆਨ ਮੈਕਡੋਨਲਡ ਨੇ ਮੀਡੀਆ ਨੂੰ ਦੱਸਿਆ ਕਿ ਦਸਤਾਵੇਜ਼ ਨਕਲੀ ਜਾਪਦਾ ਸੀ, ਜਿਸ ਕਾਰਨ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀ ਨੂੰ ਸ਼ੱਕ ਹੋਇਆ ਅਤੇ ਉਸ ਨੇ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ। ਜਦੋਂ ਸ਼ੱਕੀ ਵਿਅਕਤੀ ਦੇ ਵੇਰਵੇ ਡੇਟਾਬੇਸ ਵਿੱਚ ਜਾਂਚੇ ਗਏ ਤਾਂ ਖ਼ੁਲਾਸਾ ਹੋਇਆ ਕਿ ਇਹ ਉਹੀ ਅੰਮ੍ਰਿਤਪਾਲ ਸਿੰਘ ਬਾਠ ਹੈ, ਜਿਸ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਪੁਲੀਸ ਨੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਹਵਾਲੇ ਕਰ ਦਿੱਤਾ, ਜਿੱਥੇ ਉਹ ਫਿਲਹਾਲ ਹਿਰਾਸਤ ਅਧੀਨ ਹੈ। ਪੁਲੀਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕੈਨੇਡੀਅਨ ਅਧਿਕਾਰੀਆਂ ਨੂੰ ਉਸ ਦੇ ਮੁਲਕ ਵਿੱਚ ਹੋਣ ਦੀ ਭਿਣਕ ਤੱਕ ਨਹੀਂ ਸੀ, ਅਤੇ ਇਹ ਵੀ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰ ਚਾਲਕ ਨੂੰ ਬਾਠ ਦੀ ਅਸਲ ਪਛਾਣ ਬਾਰੇ ਪਤਾ ਸੀ ਜਾਂ ਨਹੀਂ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦਾ ਵਸਨੀਕ ਅੰਮ੍ਰਿਤਪਾਲ ਬਾਠ ਕਤਲ, ਇਰਾਦਾ ਕਤਲ, ਨਸ਼ਾ ਤਸਕਰੀ ਅਤੇ ਫਿਰੌਤੀ ਵਸੂਲਣ ਸਮੇਤ ਕਰੀਬ ਦੋ ਦਰਜਨ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ। ਰਿਪੋਰਟਾਂ ਅਨੁਸਾਰ ਕਾਨੂੰਨੀ ਰਸਮਾਂ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ ਛੇਤੀ ਹੀ ਭਾਰਤ ਹਵਾਲੇ (ਐਕਸਟਰਾਡਾਈਟ) ਜਾਂ ਡਿਪੋਰਟ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

.jpg)
.jpg)



.jpg)
.jpg)
.jpg)


.jpg)

.jpg)

.jpg)

.jpg)
.jpg)