ਦਰਸ਼ਕ ਗੈਲਰੀ ਤੋਂ ਸਦਨ ਵਿੱਚ ਛਾਲ ਮਾਰੀ; ਕੋਲਾ ਖਾਣਾਂ ਦੇ ਵਿਸਥਾਰ ਖ਼ਿਲਾਫ਼ ਨਾਅਰੇਬਾਜ਼ੀ

ਦਰਸ਼ਕ ਗੈਲਰੀ ਤੋਂ ਸਦਨ ਵਿੱਚ ਛਾਲ ਮਾਰੀ; ਕੋਲਾ ਖਾਣਾਂ ਦੇ ਵਿਸਥਾਰ ਖ਼ਿਲਾਫ਼ ਨਾਅਰੇਬਾਜ਼ੀ

ਦਰਸ਼ਕ ਗੈਲਰੀ ਤੋਂ ਸਦਨ ਵਿੱਚ ਛਾਲ ਮਾਰੀ; ਕੋਲਾ ਖਾਣਾਂ ਦੇ ਵਿਸਥਾਰ ਖ਼ਿਲਾਫ਼ ਨਾਅਰੇਬਾਜ਼ੀ
ਇੱਥੇ ਨਿਊ ਸਾਊਥ ਵੇਲਜ਼ ਦੀ ਸੰਸਦ ਵਿੱਚ ਵਾਤਾਵਰਨ ਜਥੇਬੰਦੀ ‘ਰਾਈਜ਼ਿੰਗ ਟਾਈਡ’ ਦੇ ਕਾਰਕੁਨ ਐਂਡਰਿਊ ਸਨੇਡਨ ਵੱਲੋਂ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਵਿੱਚ ਦਾਖ਼ਲ ਹੋਣ ਮਗਰੋਂ ਹੰਗਾਮਾ ਹੋ ਗਿਆ। ਇਸ ਦੌਰਾਨ ਅੱਠ ਕਾਰਕੁਨਾਂ ਨੇ ਕੋਲਾ ਖਾਣਾਂ ਦੇ ਵਿਸਥਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਲਵਾਯੂ ਰਿਪੋਰਟਾਂ ਦੇ ਪੰਨੇ ਵੀ ਸੁੱਟੇ। ਇਹ ਹੰਗਾਮਾ ਹਾਈ ਕੋਰਟ ਦੇ 7 ਅਕਤੂਬਰ ਦੇ ਉਸ ਅਹਿਮ ਫ਼ੈਸਲੇ ਮਗਰੋਂ ਹੋਇਆ ਹੈ, ਜਿਸ ਵਿੱਚ ਅਦਾਲਤ ਨੇ ਮਾਊਂਟ ਪਲੈਜ਼ੈਂਟ ਕੋਲਾ ਖਾਣ ਦੇ ਵਿਸਥਾਰ ਸਬੰਧੀ ਕੰਪਨੀ ਦੀ ਅਪੀਲ ਖ਼ਾਰਜ ਕਰ ਦਿੱਤੀ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਸੀ ਕਿ ਯੋਜਨਾ ਕਮਿਸ਼ਨ ਨੇ ਗਰੀਨਹਾਊਸ ਗੈਸਾਂ, ਖ਼ਾਸਕਰ ਵਿਦੇਸ਼ਾਂ ਵਿੱਚ ਕੋਲੇ ਦੀ ਵਰਤੋਂ ਨਾਲ ਪੈਦਾ ਹੋਣ ਵਾਲੇ ਨਿਕਾਸ ਨੂੰ ਘਟਾਉਣ ਦੀਆਂ ਸੰਭਾਵੀ ਸ਼ਰਤਾਂ ’ਤੇ ਲਾਜ਼ਮੀ ਵਿਚਾਰ ਨਹੀਂ ਕੀਤਾ ਸੀ। ਇਹ ਨਿਕਾਸ ਇਸ ਪ੍ਰਾਜੈਕਟ ਦੇ ਅਨੁਮਾਨਿਤ ਕੁੱਲ ਨਿਕਾਸ ਦਾ ਤਕਰੀਬਨ 98 ਫ਼ੀਸਦੀ ਹੈ। ਸੰਸਦ ਵਿੱਚ ਮੁਜ਼ਾਹਰਾ ਕਰਦਿਆਂ ਕਾਰਕੁਨਾਂ ਨੇ ਪ੍ਰੀਮੀਅਰ ਕ੍ਰਿਸ ਮਿਨਸ ’ਤੇ ਜਲਵਾਯੂ ਸੰਕਟ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ। ਦੂਜੇ ਪਾਸੇ, ਅਟਾਰਨੀ ਜਨਰਲ ਮਾਈਕਲ ਡੇਲੀ ਨੇ ਸੰਸਦ ਅੰਦਰ ਦਾਖ਼ਲ ਹੋਣ ਵਾਲੇ ਵਿਖਾਵਾਕਾਰੀ ਨੂੰ ‘ਸਿਰਫਿਰਿਆ’ ਕਰਾਰ ਦਿੰਦਿਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਸੁਰੱਖਿਆ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੀਕਰ ਨੇ ਸੰਸਦੀ ਸੁਰੱਖਿਆ ਪ੍ਰਬੰਧਾਂ ਦੀ ਮੁਕੰਮਲ ਸਮੀਖਿਆ ਕਰਨ ਦਾ ਐਲਾਨ ਕੀਤਾ ਹੈ, ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ।

sant sagar