ਪਰਵਿੰਦਰ ਕਤਲ ਕੇਸ ਵਿੱਚ ਪਹਿਲੀ ਗ੍ਰਿਫ਼ਤਾਰੀ, ਮੁਲਜ਼ਮ ਨੂੰ ਫਰਾਰ ਕਰਵਾਉਣ ਵਿੱਚ ਮਦਦ ਕਰਨ ਵਾਲਾ ਗ੍ਰਿਫ਼ਤਾਰ
ਪਰਵਿੰਦਰ ਕਤਲ ਕੇਸ ਵਿੱਚ ਪਹਿਲੀ ਗ੍ਰਿਫ਼ਤਾਰੀ, ਮੁਲਜ਼ਮ ਨੂੰ ਫਰਾਰ ਕਰਵਾਉਣ ਵਿੱਚ ਮਦਦ ਕਰਨ ਵਾਲਾ ਗ੍ਰਿਫ਼ਤਾਰ
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ। ਡੀ.ਆਈ.ਜੀ. ਨੇ ਦੱਸਿਆ, "ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ।" ਡੀ.ਆਈ.ਜੀ. ਨੇ ਦੱਸਿਆ ਕਿ ਪੁਲੀਸ ਨੂੰ ਮੰਗਲਵਾਰ ਸਵੇਰੇ 10.30 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਇਮਰੀ ਤੌਰ 'ਤੇ ਅਜਿਹਾ ਲੱਗਦਾ ਹੈ ਕਿ ਕਤਲ ਵਿੱਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਡੀ.ਆਈ.ਜੀ. ਅਨੁਸਾਰ, ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ। ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਦੱਸਿਆ ਕਿ 2023 ਦੀ ਇੱਕ ਘਟਨਾ ਦੌਰਾਨ ਵੀ ਉਨ੍ਹਾਂ ਵਿਚਕਾਰ ਨਿੱਜੀ ਦੁਸ਼ਮਣੀ ਸਾਹਮਣੇ ਆਈ ਸੀ। ਹਾਲਾਂਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਅੱਜ ਸਵੇਰ ਹੱਤਿਆ ਕਰ ਦਿੱਤੀ ਗਈ । ਜਾਣਕਾਰੀ ਅਨੁਸਾਰ ਇਹ ਖ਼ੌਫ਼ਨਾਕ ਕਾਂਡ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਅੰਜਾਮ ਦਿੱਤਾ ਗਿਆ ਹੈ। ਮੈਡੀਕਲ ਸਟੋਰ ਮਾਲਕ ਨੇ ਮੰਗਲਵਾਰ ਸਵੇਰੇ ਤਾਬੜਤੋੜ ਗੋਲੀਆਂ ਮਾਰੀਆ ਅਤੇ ਇਹ ਗੋਲੀਆਂ ਇੰਨੇ ਕਰੀਬੋਂ ਮਾਰੀਆਂ ਗਈਆਂ ਕਿ ਉਹ ਝੋਟਾ ਦੇ ਸਰੀਰ ਦੇ ਆਰ-ਪਾਰ ਹੋ ਗਈਆਂ। ਜਾਣਕਾਰੀ ਅਨੁਸਾਰ, ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ’ਤੇ 5 ਮਿੰਟ 48 ਸਕਿੰਟ ਦੀ ਲਾਈਵ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਝੋਟਾ ਅਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਨਾਲ ਜੁੜੇ ਮੁੱਦੇ ’ਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਗੋਲੀਬਾਰੀ ਹੋ ਗਈ। ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਵੀ ਹੋ ਚੁੱਕਾ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖ਼ਿਲਾਫ਼ ਮਤੇ ਤੱਕ ਪਾਸ ਕੀਤੇ ਸਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ’ਤੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਸਵਾਲ ਚੁੱਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਜ਼ਿਲ੍ਹਾ ਮਾਨਸਾ ਵਿਖੇ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਆਗੂ ਭਾਈ ਪਰਵਿੰਦਰ ਸਿੰਘ ਝੋਟਾ ਉੱਤੇ ਸ਼ਰੇਆਮ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਅਤੇ ਉਨ੍ਹਾਂ ਦੇ ਸਾਥੀ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਵਾਪਰੀ ਖ਼ੂਨੀ ਘਟਨਾ 'ਤੇ ਡੂੰਘੇ ਦੁੱਖ ਅਤੇ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਹੈ। ਸਿੰਘ ਸਾਹਿਬ ਨੇ ਇਸ ਵਾਰਦਾਤ ਨੂੰ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਮੁਕੰਮਲ ਜਨਾਜ਼ਾ ਨਿਕਲਣ ਦਾ ਸਬੂਤ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ੳੁਨ੍ਹਾਂ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ, ਪਰ ਅਫ਼ਸੋਸ ਕਿ ਅੱਜ ਇਹ ਸੂਬਾ ਨਸ਼ਾ ਤਸਕਰਾਂ ਅਤੇ ਗ਼ੈਰ-ਸਮਾਜੀ ਅਨਸਰਾਂ ਦੀ ਖੁੱਲ੍ਹੀ ਖੇਡ ਦਾ ਅੱਡਾ ਬਣ ਚੁੱਕਾ ਹੈ। ਸੂਬੇ ਵਿੱਚ ਮੈਡੀਕਲ ਨਸ਼ਿਆਂ ਸਮੇਤ ਹਰ ਕਿਸਮ ਦਾ ਘਾਤਕ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ। ਜਦੋਂ ਆਪਣੀ ਕੌਮ ਅਤੇ ਨੌਜਵਾਨੀ ਨੂੰ ਬਚਾਉਣ ਲਈ ਮੈਦਾਨ ਵਿੱਚ ਨਿੱਤਰਨ ਵਾਲੇ ਨੌਜਵਾਨਾਂ ਨੂੰ ਦਿਨ-ਦਿਹਾੜੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ, ਤਾਂ ਇਹ ਸਾਫ਼ ਦਰਸਾਉਂਦਾ ਹੈ ਕਿ ਨਸ਼ਾ ਮਾਫ਼ੀਆ ਦੇ ਹੌਸਲੇ ਕਿਸ ਹੱਦ ਤੱਕ ਬੁਲੰਦ ਹੋ ਚੁੱਕੇ ਹਨ। ਸਿੰਘ ਸਾਹਿਬ ਨੇ ਸਖ਼ਤ ਲਹਿਜੇ ਵਿੱਚ ਕਿਹਾ "ਜੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਜਾਗਰੂਕ ਨੌਜਵਾਨ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਕੀ ਗਾਰੰਟੀ ਰਹਿ ਜਾਂਦੀ ਹੈ? ਕੈਮਰਿਆਂ ਸਾਹਮਣੇ ਹੋਈ ਇਸ ਸ਼ਰਮਨਾਕ ਵਾਰਦਾਤ ਨੇ ਪੁਲੀਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨਸ਼ਿਆਂ ਦੇ ਕਾਰੋਬਾਰੀਆਂ ਨੂੰ ਕਾਨੂੰਨ ਦਾ ਕੋਈ ਖ਼ੌਫ਼ ਨਹੀਂ ਰਿਹਾ।" ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਅਤੇ ਇਸ ਘਟਨਾ ਪਿੱਛੇ ਸ਼ਾਮਲ ਨਸ਼ਾ ਸਿੰਡੀਕੇਟ ਨਾਲ ਜੁੜੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਉਨ੍ਹਾਂ ਦੇ ਸਾਥੀ ਦਾ ਵਧੀਆ ਤੋਂ ਵਧੀਆ ਇਲਾਜ ਸਰਕਾਰੀ ਖ਼ਰਚੇ 'ਤੇ ਯਕੀਨੀ ਬਣਾਇਆ ਜਾਵੇ। ਸੂਬੇ ਭਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਅਤੇ ਤਸਕਰਾਂ ਵਿਰੁੱਧ ਬਿਨਾਂ ਕਿਸੇ ਪੱਖਪਾਤ ਦੇ ਵੱਡੀ ਪੱਧਰ 'ਤੇ ਕਾਰਵਾਈ ਕੀਤੀ ਜਾਵੇ। ਜੋਗਿੰਦਰ ਮਾਨ/ ਮਨੋਜ ਸ਼ਰਮਾ ਪਰਵਿੰਦਰ ਝੋਟਾ ਦੇ ਕਤਲ ਦੇ ਰੋਸ ਵਜੋਂ ਮਾਨਸਾ ਸ਼ਹਿਰ ਰਿਹਾ ਬੰਦ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਮਾਨਸਾ ਸ਼ਹਿਰ ਬੰਦ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਾਰਕੁਨ ਲੱਖਾ ਸਿਧਾਨਾ, ਭਾਨਾ ਸਿੱਧੂ ਅਤੇ ਕਈ ਹੋਰ ਪੁਲੀਸ ਵਿਰੁੱਧ ਰੋਸ ਮਾਰਚ ਦੀ ਅਗਵਾਈ ਕਰਨ ਲਈ ਸ਼ਹਿਰ ਪੁੱਜੇ ਹਨ। ਕਿਸਾਨਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਮਾਰਚ ਕੱਢਿਆ, ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਪ੍ਰਦਰਸ਼ਰਨ ਦੌਰਾਨ ਕਈ ਦੁਕਾਨਾਂ ਬੰਦ ਰਹੀਆਂ। ਇਸ ਵਿਰੋਧ ਪ੍ਰਦਰਸ਼ਨ ਨੇ ਵਿਦਿਅਕ ਅਦਾਰਿਆਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਵਿੱਚ ਕੁਝ ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਪ੍ਰਦਰਸ਼ਨਾਂ ਦੇ ਵਿਚਕਾਰ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੁਰੱਖਿਆ ਪ੍ਰਬੰਧਾਂ ਦੀ ਦੇਖਰੇਖ ਕਰਨ ਲਈ ਡੀ.ਆਈ.ਜੀ. ਬਠਿੰਡਾ ਰੇਂਜ, ਹਰਜੀਤ ਸਿੰਘ ਵੀ ਮਾਨਸਾ ਪੁੱਜੇ। ਇਸ ਦੌਰਾਨ 'ਦ ਟ੍ਰਿਬਿਊਨ' ਨਾਲ ਗੱਲ ਕਰਦਿਆਂ ਕੈਦ ਹੇਠ ਚੱਲ ਰਹੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪਰਵਿੰਦਰ ਝੋਟਾ ਅਕਾਲੀ ਦਲ (ਵਾਰਸ ਪੰਜਾਬ ਦੇ) ਦਾ ਰਸਮੀ ਮੈਂਬਰ ਨਹੀਂ ਸੀ ਪਰ ਉਹ ਪਾਰਟੀ ਦੇ ਸਮਾਗਮਾਂ ਵਿੱਚ ਨਿਯਮਤ ਤੌਰ 'ਤੇ ਸ਼ਾਮਲ ਹੁੰਦਾ ਸੀ ਅਤੇ ਲੋੜ ਪੈਣ 'ਤੇ ਇਸ ਦਾ ਸਮਰਥਨ ਕਰਦਾ ਸੀ। ਤਰਸੇਮ ਸਿੰਘ ਨੇ ਕਿਹਾ ਕਿ ਉਹ ਵੀ ਝੋਟਾ ਦੇ ਕਤਲ ਦੀ ਖ਼ਬਰ ਤੋਂ ਬਾਅਦ ਮਾਨਸਾ ਲਈ ਰਵਾਨਾ ਹੋ ਗਏ ਸਨ। ਇਸ ਕਤਲ ਨੇ ਮਾਨਸਾ ਦੇ ਵਾਸੀਆਂ ਨੂੰ ਮਈ 2022 ਵਿੱਚ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ, ਜਿਸ ਨੂੰ ਸਿੱਧੂ ਮੂਸੇਵਾਲਾ ਵਜੋਂ ਜਾਣਿਆ ਜਾਂਦਾ ਹੈ, ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਮਾਨਸਾ ਸ਼ਹਿਰ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਮੂਸੇਵਾਲਾ ਦੀ ਇੱਥੇ ਜਵਾਹਰਕੇ ਪਿੰਡ ਵਿਖੇ ਗੋਲੀ ਮਾਰ ਕੇ ਹੱਤਿਆ ਦਿੱਤਾ ਗਈ ਗਈ ਸੀ। -- ਅਰਚਿਤ ਵਾਟਸ ਮਾਨਸਾ ਵਿੱਚ ਰੋਹ ਵਿੱਚ ਆਏ ਨੌਜਵਾਨਾਂ ਨੇ ਭਗਵੰਤ ਮਾਨ ਸਰਕਾਰ ਦੇ ਫਲੈਕਸ ਪਾੜੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਲਾਕੇ ਵਿੱਚ ਤਣਾਅ ਅਤੇ ਗੁੱਸੇ ਦਾ ਮਾਹੌਲ ਲਗਾਤਾਰ ਵੱਧ ਰਿਹਾ ਹੈ। ਮਾਨਸਾ ਵਿੱਚ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੇ ਫਲੈਕਸ ਪਾੜ ਦਿੱਤੇ। ਪ੍ਰਦਰਸ਼ਨਕਾਰੀਆਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ।
.jpg)
.jpg)




.jpg)
.jpg)
.jpg)



.jpg)
.jpg)

.jpg)

.jpg)
.jpg)