ਟਰੰਪ ਵੱਲੋਂ ਇਰਾਨ ਦੀ 7 ਦਿਨਾਂ ਦਾ ‘ਸ਼ਾਂਤੀ ਸਮਝੌਤਾ’ ਰੱਦ

ਟਰੰਪ ਵੱਲੋਂ ਇਰਾਨ ਦੀ 7 ਦਿਨਾਂ ਦਾ ‘ਸ਼ਾਂਤੀ ਸਮਝੌਤਾ’ ਰੱਦ

ਟਰੰਪ ਵੱਲੋਂ ਇਰਾਨ ਦੀ 7 ਦਿਨਾਂ ਦਾ ‘ਸ਼ਾਂਤੀ ਸਮਝੌਤਾ’ ਰੱਦ
ਪੱਛਮੀ ਏਸ਼ੀਆ ਵਿੱਚ ਜਾਰੀ ਭਾਰੀ ਤਣਾਅ ਦੇ ਵਿਚਕਾਰ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਝਟਕਾ ਲੱਗਾ ਹੈ। ਇੱਕ ਰਿਪੋਰਟ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੁਆਰਾ ਪੇਸ਼ ਕੀਤੀ ਗਈ 7 ਦਿਨਾਂ ਦੀ ਜੰਗਬੰਦੀ (Ceasefire) ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਮਿਡ-ਟਰਮ ਚੋਣਾਂ ਤੋਂ ਬਾਅਦ ਇਰਾਨ ’ਤੇ ਮੁੜ ਬੰਬਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਸੀ। ਆਪਣੇ ਭਾਸ਼ਣ ਦੌਰਾਨ ਟਰੰਪ ਨੇ ਕਿਹਾ ਸੀ, “ਮੇਰੇ ਸਾਹਮਣੇ ਇੱਕ ਵੱਡਾ ਫੈਸਲਾ ਹੈ ਕੀ ਇਰਾਨ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜੋ ਉਨ੍ਹਾਂ ਨੂੰ ਮੁੜ ਤੋਂ ਮਜ਼ਬੂਤ ਹੋਣ ਦਾ ਮੌਕਾ ਦੇਵੇ, ਜਾਂ ਫਿਰ ਇਸ ਇਸਲਾਮਿਕ ਜਮਹੂਰੀਅਤ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਉਹ ਮੁੜ ਕਦੇ ਤਬਾਹੀ ਨਾ ਮਚਾ ਸਕਣ।” ਉਨ੍ਹਾਂ ਦਾਅਵਾ ਕੀਤਾ ਸੀ ਕਿ ਚੋਣਾਂ ਤੋਂ ਤੁਰੰਤ ਬਾਅਦ ਕੋਈ ਵੱਡਾ ਫੈਸਲਾ ਲਿਆ ਜਾਵੇਗਾ।
ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਸਯਦ ਅੱਬਾਸ ਅਰਾਗਚੀ (Syed Abbas Araghchi) ਨੇ ਜਨਤਕ ਤੌਰ ’ਤੇ ਦੱਸਿਆ ਸੀ ਕਿ ਇਰਾਨ ਨੇ ਵਿਚੋਲਿਆਂ ਰਾਹੀਂ ਅਮਰੀਕਾ ਨੂੰ 7 ਦਿਨਾਂ ਦੀ ਸ਼ਾਂਤੀ ਯੋਜਨਾ ਭੇਜੀ ਸੀ। ਇਸ ਪ੍ਰਸਤਾਵ ਤਹਿਤ 7ਵੇਂ ਦਿਨ ਵਿਸ਼ਵ ਵਪਾਰ ਲਈ ਅਹਿਮ Strait of Hormuz ਖੋਲ੍ਹਣ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਮੁੜ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਅਰਾਗਚੀ ਨੇ ਸਪੱਸ਼ਟ ਕੀਤਾ ਕਿ ਇਰਾਨ ਹਮੇਸ਼ਾ ਕੂਟਨੀਤੀ ਦੇ ਪੱਖ ਵਿੱਚ ਰਿਹਾ ਹੈ, ਪਰ ਅਮਰੀਕਾ ਅਤੇ ਇਜ਼ਰਾਈਲੀ ਫੌਜੀ ਹਮਲਿਆਂ ਨੇ ਖੇਤਰ ਦੀ ਸ਼ਾਂਤੀ ਨੂੰ ਭੰਗ ਕੀਤਾ ਹੈ।
ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਅਨ (Masoud Pezeshkian) ਨੇ ਵੀ ਇੱਕ ਅਮਰੀਕੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਅਮਰੀਕਾ ’ਤੇ ਸਮਝੌਤੇ ਤੋਂ ਪਿੱਛੇ ਹਟਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇਰਾਨਪਹਿਲਾਂ ਹੋਏ ਸਮਝੌਤੇ ਦੀ ਪਾਲਣਾ ਕਰਨ ਲਈ ਤਿਆਰ ਸੀ, ਪਰ ਅਮਰੀਕਾ ਨੇ ਗੱਲਬਾਤ ਦਾ ਰਾਹ ਛੱਡ ਕੇ ਬੰਬਾਰੀ ਅਤੇ ਅਤਿਵਾਦੀ ਹਮਲਿਆਂ ਦਾ ਸਹਾਰਾ ਲਿਆ। ਹੁਣ ਟਰੰਪ ਵੱਲੋਂ ਸ਼ਾਂਤੀ ਦੀ ਇਸ ਪੇਸ਼ਕਸ਼ ਨੂੰ ਠੁਕਰਾਏ ਜਾਣ ਤੋਂ ਬਾਅਦ, ਅਮਰੀਕੀ ਮਿਡ-ਟਰਮ ਚੋਣਾਂ ਦੇ ਖਤਮ ਹੁੰਦਿਆਂ ਹੀ ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫਿਰ ਭਿਆਨਕ ਜੰਗ ਦੇ ਬੱਦਲ ਮੰਡਰਾਉਣ ਲੱਗੇ ਹਨ।

sant sagar