‘ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ, ਆਪਣੀ ਖ਼ੁਸ਼ੀ ਵੇਖਦਾ ਹਾਂ..’, Canada ’ਚ ਸੜਕ ’ਤੇ ‘ਫੁਕਰੀ’ ਮਾਰਨੀ ਪਈ ਮਹਿੰਗੀ
‘ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ, ਆਪਣੀ ਖ਼ੁਸ਼ੀ ਵੇਖਦਾ ਹਾਂ..’, Canada ’ਚ ਸੜਕ ’ਤੇ ‘ਫੁਕਰੀ’ ਮਾਰਨੀ ਪਈ ਮਹਿੰਗੀ
ਭਾਰਤ ਤੋਂ ਪੜ੍ਹਾਈ ਕਰਨ ਕੈਨੇਡਾ ਆਏ ਕਿਸੇ ਪਹਿਲੇ ਦਰਜੇ ਦੇ ਅਫ਼ਸਰ ਦੇ ਕਾਕੇ ਨੂੰ ਸੜਕ ’ਤੇ ਕਾਰ ਦੇ ਪਟਾਕੇ ਪਵਾਉਣੇ ਹਜ਼ਾਰਾਂ ਡਾਲਰਾਂ ਵਿੱਚ ਪਏ ਅਤੇ ਨਾਲ ਹੀ ਉਸ ਦੀ ਕਾਰ ਅਗਲੇ ਦੋ ਸਾਲਾਂ ਲਈ ਪੁਲੀਸ ਦੀ ਖ਼ਾਸ ਨਿਗਰਾਨੀ ਹੇਠ ਆ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਓਨਟਾਰੀਓ ਸੂਬਾਈ ਪੁਲੀਸ ਦੇ ਸੂਤਰਾਂ (ਜੋ ਖ਼ੁਦ ਜਾਣਕਾਰੀ ਦੇਣ ਲਈ ਅਧਿਕਾਰਤ ਨਹੀਂ ਹਨ) ਨੇ ਪਛਾਣ ਗੁਪਤ ਰੱਖਣ ਦੀ ਬੇਨਤੀ ’ਤੇ ਦੱਸਿਆ ਕਿ ਭਾਰਤ ਤੋਂ ਉੱਚ ਪੜ੍ਹਾਈ ਲਈ ਕੈਨੇਡਾ ਆਏ ਮੁੰਡੇ ਨੇ ਕਾਰ ਲੈ ਕੇ ਉਸ ਦਾ ਸਾਈਲੈਂਸਰ ਅਜਿਹਾ ਬਣਾਇਆ ਸੀ ਤਾਂ ਜੋ ਰੇਸ ਦੇਣ ਮੌਕੇ ਕਾਰ ਪਟਾਕੇ ਮਾਰੇ। ਲੰਘੇ ਦਿਨੀਂ ਉਹ ਮੌਜ-ਮਸਤੀ ਲਈ ਬੈਰੀ ਸ਼ਹਿਰ ਤੋਂ ਅੱਗੇ ਸੜਕ ਕਿਨਾਰੇ ਕਾਰ ਖੜ੍ਹੀ ਕਰ ਕੇ ਰੇਸ ਦਿੰਦਾ ਅਤੇ ਪਟਾਕਿਆਂ ਦਾ ਮਜ਼ਾ ਲੈਂਦਾ। ਹਰ ਦੋ-ਚਾਰ ਮੀਲਾਂ ਬਾਅਦ ਉਹ ਅਜਿਹਾ ਕਰ ਰਿਹਾ ਸੀ।
ਕਿਸੇ ਸੁਹਿਰਦ ਪੰਜਾਬੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਇੰਜ ਆਵਾਜ਼ ਪ੍ਰਦੂਸ਼ਣ ਹੁੰਦਾ ਹੈ ਅਤੇ ਲੋਕਾਂ ਨੂੰ ਬੁਰਾ ਲੱਗਦਾ ਹੈ। ਪਰ ਮੁੰਡੇ ਨੇ ਜਵਾਬ ਦਿੱਤਾ, ‘ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ, ਆਪਣੀ ਖ਼ੁਸ਼ੀ ਵੇਖਦਾ ਹਾਂ।’ ਸਮਝਾਉਣ ਵਾਲਾ ਵਿਅਕਤੀ ਕਿਸੇ ਵਿਭਾਗ ਦਾ ਅਫ਼ਸਰ ਸੀ, ਉਸ ਨੇ ਪੁਲੀਸ ਨੂੰ ਫ਼ੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ।
ਕੁਝ ਮਿੰਟਾਂ ਬਾਅਦ ਗੁਪਤ (ਬਿਨਾਂ ਪਛਾਣ ਵਾਲੀ) ਕਾਰ ਵਿੱਚ ਪੁਲੀਸ ਅਫ਼ਸਰ ਪਹੁੰਚ ਗਿਆ ਅਤੇ ਸਬੂਤ ਇਕੱਠੇ ਕਰ ਕੇ ਮੁੰਡੇ ਨੂੰ 500-500 ਡਾਲਰਾਂ ਦੀਆਂ ਚਾਰ ਟਿਕਟਾਂ ਦਿੱਤੀਆਂ, ਕਾਰ ਦੋ ਹਫ਼ਤਿਆਂ ਦੀ ਬੰਦਿਸ਼ ਹੇਠ ਟੋਅ ਕਰਵਾਈ, ਡਰਾਈਵਿੰਗ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਅਤੇ ਕਾਰ ਦਾ ਸਾਈਲੈਂਸਰ ਨਵਾਂ ਪਵਾ ਕੇ ਸਬੂਤ ਪੁਲੀਸ ਨੂੰ ਦੇਣ ਤੇ ਕਾਰ ਦੋ ਸਾਲਾਂ ਲਈ ਨਿਗਰਾਨੀ ਹੇਠ ਰੱਖਣ ਦੀ ਕਾਰਵਾਈ ਕੀਤੀ। ਪਟਾਕੇ ਪਵਾ ਕੇ ਫੁਕਰੀਆਂ ਮਾਰ ਰਹੇ ਮੁੰਡੇ ਨੂੰ ਉੱਥੋਂ ਸੈਂਕੜੇ ਡਾਲਰਾਂ ਦੀ ਟੈਕਸੀ ਕਰ ਕੇ ਘਰ ਜਾਣਾ ਪਿਆ। ਉਸ ਨੂੰ ਹੁਣ ਜੁਰਮਾਨਾ ਭਰਨ ਤੋਂ ਬਾਅਦ ਕਾਰ ਉੱਤੇ ਹਜ਼ਾਰਾਂ ਡਾਲਰ ਖ਼ਰਚ ਕੇ ਤਿੰਨ ਮਹੀਨਿਆਂ ਬਾਅਦ ਆਪਣੀ ਕਾਰ ਦੀ ਸਵਾਰੀ ਕਰਨ ਦਾ ਮੌਕਾ ਮਿਲੇਗਾ। ਇੰਜ ਉਸ ਨੂੰ ਦੁਨੀਆ ਦੀ ਪਰਵਾਹ ਨਾ ਕਰਨ ਦੀ ਅਣਦੇਖੀ ਹਜ਼ਾਰਾਂ ਡਾਲਰਾਂ ਵਿੱਚ ਪਈ।
.jpg)

.jpg)



.jpg)
.jpg)
.jpg)



.jpg)

.jpg)
.jpg)

.jpg)