ਪੀੜਤ ਪਰਿਵਾਰਾਂ ਵੱਲੋਂ ਅੰਤਿਮ ਰਿਪੋਰਟ ਲਈ ਸਮਾਂ-ਸੀਮਾ ਤੈਅ ਕਰਨ ਦੀ ਮੰਗ
ਪੀੜਤ ਪਰਿਵਾਰਾਂ ਵੱਲੋਂ ਅੰਤਿਮ ਰਿਪੋਰਟ ਲਈ ਸਮਾਂ-ਸੀਮਾ ਤੈਅ ਕਰਨ ਦੀ ਮੰਗ
ਏਅਰ ਇੰਡੀਆ ਦੀ ਫਲਾਈਟ 171 ਦੇ ਹਾਦਸੇ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ, ਇਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪੀੜਤ ਪਰਿਵਾਰਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਪੱਤਰ ਭੇਜਿਆ ਹੈ। ਇਨ੍ਹਾਂ ਪਰਿਵਾਰਾਂ ਨੇ ਚੱਲ ਰਹੀ ਜਾਂਚ ਦੌਰਾਨ ਸੰਚਾਰ ਦੀ ਕਮੀ ਅਤੇ ਜਾਂਚ ਦੀ ਨਿਰਪੱਖਤਾ 'ਤੇ ਚਿੰਤਾ ਜ਼ਾਹਰ ਕਰਦਿਆਂ ਸਰਕਾਰ ਅੱਗੇ ਪੰਜ ਪ੍ਰਮੁੱਖ ਮੰਗਾਂ ਰੱਖੀਆਂ ਹਨ। ਇਸ ਚਿੱਠੀ ਵਿੱਚ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਅੰਤਿਮ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਸੁਤੰਤਰ ਸਿਮੂਲੇਟਰ ਜਾਂਚ ਯਕੀਨੀ ਬਣਾਈ ਜਾਵੇ ਅਤੇ ਬਿਊਰੋ ਵੱਲੋਂ ਹਰ 15 ਜਾਂ 30 ਦਿਨਾਂ ਬਾਅਦ ਪੀੜਤ ਪਰਿਵਾਰਾਂ ਨੂੰ ਜਾਂਚ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇ।
ਇਸ ਤੋਂ ਇਲਾਵਾ ਪਰਿਵਾਰਾਂ ਦੀ ਮੰਗ ਹੈ ਕਿ ਅੰਤਿਮ ਰਿਪੋਰਟ ਲਈ ਇੱਕ ਸਪੱਸ਼ਟ ਸਮਾਂ-ਸੀਮਾ ਦਾ ਐਲਾਨ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਜਨਤਕ ਕੀਤਾ ਜਾਵੇ ਅਤੇ ਜਾਂਚ ਪ੍ਰਕਿਰਿਆ ਵਿੱਚ ਬੋਇੰਗ 787 ਜਹਾਜ਼ ਉਡਾਉਣ ਦਾ ਤਜਰਬਾ ਰੱਖਣ ਵਾਲੇ ਕਿਸੇ ਸੀਨੀਅਰ ਕਮਰਸ਼ੀਅਲ ਪਾਇਲਟ ਤੇ ਹਾਦਸਾ ਜਾਂਚ ਮਾਹਰ ਨੂੰ ਸ਼ਾਮਲ ਕੀਤਾ ਜਾਵੇ। ਪਰਿਵਾਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ 'ਤੇ ਕਿਸੇ ਅਜਿਹੇ ਦਸਤਾਵੇਜ਼ 'ਤੇ ਦਸਤਖਤ ਕਰਨ ਲਈ ਦਬਾਅ ਨਾ ਪਾਇਆ ਜਾਵੇ ਜਿਸ ਨਾਲ ਦੂਜੀਆਂ ਜ਼ਿੰਮੇਵਾਰ ਧਿਰਾਂ ਖ਼ਿਲਾਫ਼ ਉਨ੍ਹਾਂ ਦੇ ਕਾਨੂੰਨੀ ਅਧਿਕਾਰ ਖ਼ਤਮ ਹੁੰਦੇ ਹੋਣ। ਪਰਿਵਾਰਾਂ ਵੱਲੋਂ ਭੇਜੀ ਗਈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹ ਸਿਰਫ਼ ਸੱਚਾਈ, ਲਗਾਤਾਰ ਸੰਚਾਰ, ਨਿਰਪੱਖ ਜਾਂਚ ਅਤੇ ਆਪਣੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਚਾਹੁੰਦੇ ਹਨ। ਚਿੱਠੀ ਮੁਤਾਬਕ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਵੀ ਸੁਤੰਤਰ ਫੁੱਲ ਫਲਾਈਟ ਸਿਮੂਲੇਟਰ ਟੈਸਟਾਂ ਦੀ ਮੰਗ ਕੀਤੀ ਹੈ, ਜੋ ਸ਼ੁਰੂਆਤੀ ਰਿਪੋਰਟ ਵਿੱਚ ਦੱਸੀਆਂ ਗਈਆਂ ਘਟਨਾਵਾਂ ਦੀ ਪੁਸ਼ਟੀ ਕਰਨ ਲਈ ਬੇਹੱਦ ਜ਼ਰੂਰੀ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 12 ਜੂਨ ਨੂੰ ਏਅਰ ਇੰਡੀਆ ਦੀ ਫਲਾਈਟ AI-171 ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿੱਚ 229 ਯਾਤਰੀਆਂ ਅਤੇ 12 ਕਰਿਊ ਮੈਂਬਰਾਂ ਸਮੇਤ ਜ਼ਮੀਨ 'ਤੇ ਮੌਜੂਦ 19 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਸੀ ਕਿ ਜਾਂਚ ਆਖਰੀ ਪੜਾਅ ਵਿੱਚ ਹੈ ਅਤੇ ਕੌਮਾਂਤਰੀ ਨਿਯਮਾਂ ਤਹਿਤ ਜਲਦੀ ਹੀ ਅੰਤਿਮ ਰਿਪੋਰਟ ਸੌਂਪੀ ਜਾਵੇਗੀ।
.jpg)
.jpg)




.jpg)
.jpg)
.jpg)


.jpg)


.jpg)
.jpg)

.jpg)