ਕੈਨੇਡਾ ਵਿੱਚ ਜਾਅਲੀ ਨੌਕਰੀਆਂ ਦੇ ਸਹਾਰੇ ਇਮੀਗ੍ਰੇਸ਼ਨ ਧੋਖਾਧੜੀ; ਸਸਕਾਟੂਨ ਦੇ ਬਲਵੀਰ ਸਿੰਘ ਨੂੰ ਦੋ ਸਾਲ ਦੀ ਸ਼ਰਤੀਆ ਸਜ਼ਾ

ਕੈਨੇਡਾ ਵਿੱਚ ਜਾਅਲੀ ਨੌਕਰੀਆਂ ਦੇ ਸਹਾਰੇ ਇਮੀਗ੍ਰੇਸ਼ਨ ਧੋਖਾਧੜੀ; ਸਸਕਾਟੂਨ ਦੇ ਬਲਵੀਰ ਸਿੰਘ ਨੂੰ ਦੋ ਸਾਲ ਦੀ ਸ਼ਰਤੀਆ ਸਜ਼ਾ

ਕੈਨੇਡਾ ਵਿੱਚ ਜਾਅਲੀ ਨੌਕਰੀਆਂ ਦੇ ਸਹਾਰੇ ਇਮੀਗ੍ਰੇਸ਼ਨ ਧੋਖਾਧੜੀ; ਸਸਕਾਟੂਨ ਦੇ ਬਲਵੀਰ ਸਿੰਘ ਨੂੰ ਦੋ ਸਾਲ ਦੀ ਸ਼ਰਤੀਆ ਸਜ਼ਾ 
ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਜਾਅਲੀ ਰੁਜ਼ਗਾਰ ਦਸਤਾਵੇਜ਼ਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲਾ ਦਿਵਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਸਸਕਾਟੂਨ ਦੇ ਰਹਿਣ ਵਾਲੇ ਬਲਵੀਰ ਸਿੰਘ ਨੂੰ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਹੇਠ ਦੋ ਸਾਲ ਦੀ ਸ਼ਰਤੀਆ ਕੈਦ, 10 ਹਜ਼ਾਰ ਡਾਲਰ ਜੁਰਮਾਨਾ ਅਤੇ 40 ਘੰਟੇ ਭਾਈਚਾਰਕ ਸੇਵਾ (ਕਮਿਊਨਿਟੀ ਸਰਵਿਸ) ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੇ ਚਾਲੂ ਸਾਲ ਦੇ ਅਪ੍ਰੈਲ ਮਹੀਨੇ ਵਿੱਚ ‘ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਪ੍ਰੋਟੈਕਸ਼ਨ ਐਕਟ’ ਤਹਿਤ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਮੁਤਾਬਕ ਇਸ ਵੱਡੇ ਘੁਟਾਲੇ ਦਾ ਪਰਦਾਫਾਸ਼ 2018 ਵਿੱਚ ਉਸ ਵੇਲੇ ਹੋਇਆ, ਜਦੋਂ ਸਸਕਾਟੂਨ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਰਾਹੀਂ ਦਾਇਰ ਕੀਤੀਆਂ ਜਾ ਰਹੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਅਸਧਾਰਨ ਰੂਪ ਵਿੱਚ ਵਧ ਗਈ। ਅਧਿਕਾਰੀਆਂ ਨੂੰ ਸ਼ੱਕ ਹੋਣ ’ਤੇ ਜਦੋਂ ਸ਼ੁਰੂਆਤੀ ਪੜਤਾਲ ਕੀਤੀ ਗਈ, ਤਾਂ ਇੱਕ ਬੇਹੱਦ ਸ਼ਾਤਰਾਨਾ ਢੰਗ ਨਾਲ ਚੱਲ ਰਹੇ ਦਸਤਾਵੇਜ਼ੀ ਧੋਖਾਧੜੀ ਦੇ ਵੱਡੇ ਨੈੱਟਵਰਕ ਦਾ ਖ਼ੁਲਾਸਾ ਹੋਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਲਵੀਰ ਸਿੰਘ ਫੈਡਰਲ ਅਤੇ ਸਸਕੈਚਵਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਤਹਿਤ ਵਿਦੇਸ਼ੀ ਨਾਗਰਿਕਾਂ ਦੀਆਂ ਅਰਜ਼ੀਆਂ ਲਗਵਾਉਂਦਾ ਸੀ। ਇਨ੍ਹਾਂ ਅਰਜ਼ੀਆਂ ਵਿੱਚ ਨਕਲੀ ਤਨਖ਼ਾਹ ਸਲਿਪਾਂ, ਜਾਅਲੀ ਨੌਕਰੀ ਪੇਸ਼ਕਸ਼ ਪੱਤਰ (Job Offers) ਅਤੇ ਅਜਿਹੇ ਰੁਜ਼ਗਾਰ ਦਸਤਾਵੇਜ਼ ਨੱਥੀ ਕੀਤੇ ਜਾਂਦੇ ਸਨ, ਜਿਨ੍ਹਾਂ ਦੀ ਹਕੀਕਤ ਵਿੱਚ ਕੋਈ ਹੋਂਦ ਹੀ ਨਹੀਂ ਸੀ।
CBSA ਅਤੇ 'ਸਸਕੈਚਵਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ' (SINP) ਦੀ ਸਾਂਝੀ ਜਾਂਚ ਵਿੱਚ ਕਈ ਅਜਿਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਹੋਈ ਹੈ, ਜੋ ਇਸੇ ਜਾਅਲੀ ਨੈੱਟਵਰਕ ਰਾਹੀਂ ਕੈਨੇਡਾ ਪਹੁੰਚੇ ਸਨ। ਇਹ ਪ੍ਰਵਾਸੀ ਆਪਣੇ ਵਰਕ ਪਰਮਿਟ ਦੀਆਂ ਸ਼ਰਤਾਂ ਦੇ ਉਲਟ ਜਾ ਕੇ ਡਿਲਿਵਰੀ, ਨਿਰਮਾਣ (Construction) ਅਤੇ ਰੈਸਟੋਰੈਂਟ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਸਨ। ਜਾਂਚ ਏਜੰਸੀਆਂ ਨੇ ਅਦਾਲਤ ਨੂੰ ਦੱਸਿਆ ਕਿ ਸਿੰਘ ਇਮੀਗ੍ਰੇਸ਼ਨ ਸਪਾਂਸਰਸ਼ਿਪ ਦਿਵਾਉਣ ਦੇ ਨਾਂ 'ਤੇ ਭੋਲੇ-ਭਾਲੇ ਵਿਦੇਸ਼ੀ ਨਾਗਰਿਕਾਂ ਤੋਂ 40 ਹਜ਼ਾਰ ਡਾਲਰ (ਕਰੀਬ 24 ਲੱਖ ਰੁਪਏ) ਤੱਕ ਦੀ ਮੋਟੀ ਰਕਮ ਵਸੂਲਦਾ ਸੀ, ਜਿਸ ਨਾਲ ਬਿਹਤਰ ਭਵਿੱਖ ਦੀ ਆਸ ਵਿੱਚ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦਾ ਵੱਡਾ ਆਰਥਿਕ ਸ਼ੋਸ਼ਣ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜੂਨ 2021 ਵਿੱਚ CBSA ਨੇ ਸਸਕਾਟੂਨ ਸਥਿਤ ਸਿੰਘ ਦੇ ਘਰ ਅਤੇ ਇੱਕ ਰੈਸਟੋਰੈਂਟ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਡਿਜੀਟਲ ਅਤੇ ਦਸਤਾਵੇਜ਼ੀ ਸਬੂਤ ਜ਼ਬਤ ਕੀਤੇ ਸਨ। ਇਸ ਤੋਂ ਬਾਅਦ ਸਾਲ 2022 ਅਤੇ 2023 ਵਿੱਚ ਉਸ ਖ਼ਿਲਾਫ਼ ਦੋ ਵਾਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਲੰਬੀ ਜਾਂਚ ਅਤੇ ਠੋਸ ਸਬੂਤਾਂ ਅੱਗੇ ਬੇਵੱਸ ਹੋ ਕੇ ਸਿੰਘ ਨੇ ਬੀਤੀ 2 ਅਪਰੈਲ ਨੂੰ ਅਦਾਲਤ ਵਿੱਚ ਆਪਣਾ ਜੁਰਮ ਕਬੂਲਿਆ, ਜਿਸ ਮਗਰੋਂ ਅਦਾਲਤ ਨੇ 8 ਜੁਲਾਈ ਨੂੰ ਸਜ਼ਾ ਦਾ ਐਲਾਨ ਕੀਤਾ।

sant sagar