ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਛੇਤੀ

ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਛੇਤੀ

ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਛੇਤੀ
ਅਮਰੀਕਾ ਤੇ ਇਰਾਨ ਨੇ ਇਸ਼ਾਰਾ ਕੀਤਾ ਹੈ ਕਿ ਜੰਗ ਖ਼ਤਮ ਕਰਨ ਲਈ ਦੋਵਾਂ ਧਿਰਾਂ ’ਚ ਸਮਝੌਤਾ ਸਿਰੇ ਚੜ੍ਹਨ ਵਾਲਾ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਮਝੌਤੇ ਦੇ ਖਰੜੇ ਉੱਤੇ ਸਹਿਮਤੀ ਦਿੱਤੀ ਹੈ ਅਤੇ ਵਾਸ਼ਿੰਗਟਨ ਦੇ ਆਉਂਦੇ ਦਿਨਾਂ ਵਿੱਚ ਮੁੱਢਲੇ ਕਰਾਰ ਉੱਤੇ ਸਹੀ ਪਾਉਣ ਦੀ ਉਮੀਦ ਹੈ। ਹਾਲਾਂਕਿ ਪੱਛਮ ਦੇ ਸੂਤਰ ਨੇ ਕਿਹਾ ਕਿ ਸਮਝੌਤਾ ਐਤਵਾਰ ਤੱਕ ਸਹੀਬੰਦ ਹੋ ਸਕਦਾ ਹੈ ਤੇ ਇਸ ਲਈ ਸੰਭਾਵੀ ਥਾਂ ਜਨੇਵਾ ਹੋਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸਮਝੌਤੇ ’ਚ ਧਿਰ ਨਹੀਂ ਬਣੇਗਾ। ਲੈਬਨਾਨ ਉੱਤੇ ਹਮਲਿਆਂ ਕਾਰਨ ਨੇਤਨਯਾਹੂ ਤੇ ਟਰੰਪ ਦਰਮਿਆਨ ਪਿਛਲੇ ਦਿਨਾਂ ’ਚ ਕਈ ਵਾਰ ਤਲਖਕਲਾਮੀ ਹੋ ਚੁੱਕੀ ਹੈ।
ਉਧਰ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਸਮਝੌਤੇ ਵਿੱਚ ਫੇਰਬਦਲ ਸੰਭਵ ਹੈ ਤੇ ਮੁੱਢਲੇ ਸਮਝੌਤੇ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਮੁਲਕ ਇਸ ਟਕਰਾਅ ’ਚੋਂ ਮਜ਼ਬੂਤ ਹੋ ਕੇ ਨਿਕਲਿਆ ਹੈ। ਅਰਾਗ਼ਚੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਟੈਲੀਵਿਜ਼ਨ ਉੱਤੇ ਕਿਹਾ, ‘‘ਇਰਾਨ, ਅਮਰੀਕਾ ਨਾਲ ਜਾਰੀ ਜੰਗ ਦਾ ਜੇਤੂ ਹੈ।’’ ਵਿਦੇਸ਼ ਮੰਤਰੀ ਨੇ ਕਿਹਾ ਕਿ ਜਲਮਾਰਗ ਰਾਹੀਂ ਆਵਾਜਾਈ ਦਾ ਕੰਟਰੋਲ ਇਰਾਨ ਤੇ ਓਮਾਨ ਕੋਲ ਰਹੇਗਾ। ਉਨ੍ਹਾਂ ਕਿਹਾ, ‘‘ਸਾਡੀ ਤਲਵਾਰ ਹਮੇਸ਼ਾ ਹਰਮੁਜ਼ ਜਲਮਾਰਗ ਉੱਤੇ ਲਮਕਦੀ ਰਹੇਗੀ।’’
ਉਂਝ, ਅਰਾਗ਼ਚੀ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਕੁਝ ਘੰਟੇ ਮਗਰੋਂ ਅਮਰੀਕੀ ਫੌਜਾਂ ਨੇ ਹਰਮੁਜ਼ ਜਲਮਾਰਗ ਵੱਲ ਵਧ ਰਹੇ ਇਰਾਨੀ ਡਰੋਨ ਫੁੰਡਣ ਦਾ ਦਾਅਵਾ ਕੀਤਾ ਹੈ। ਸੂਤਰ ਨੇ ਮਗਰੋਂ ਕਿਹਾ ਕਿ ਇਰਾਨ ਵੱਲੋਂ ਕੀਤਾ ਇਕਪਾਸੜ ਡਰੋਨ ਹਮਲਾ ਹਰਮੁਜ਼ ’ਚੋਂ ਲੰਘ ਰਹੀ ਵਪਾਰਕ ਆਵਾਜਾਈ ਲਈ ਖ਼ਤਰਾ ਸੀ। ਅਮਰੀਕੀ ਕੇਂਦਰੀ ਕਮਾਂਡ ਨੇ ਵੀ ਮਗਰੋਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਲਮਾਰਗ ਖੁੱਲ੍ਹਾ ਹੈ।
ਅਮਰੀਕੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਮਝੌਤਾ ਟਰੰਪ ਦੇ ਮੁੱਖ ਉਦੇਸ਼ਾਂ ਨੂੰ ਪੂਰਾ ਕਰਦਾ ਹੈ। ਪਾਕਿਸਤਾਨ ਗੱਲਬਾਤ ਵਿੱਚ ਵਿਚੋਲਗੀ ਕਰ ਰਿਹਾ ਹੈ। ਪੱਛਮੀ, ਪਾਕਿਸਤਾਨੀ ਤੇ ਇਰਾਨੀ ਸਰੋਤਾਂ ਤੋਂ ਮਿਲੇ ਖਰੜਾ ਤਜਵੀਜ਼ ਦੇ ਵੇਰਵਿਆਂ ਤੋਂ ਅਜਿਹੀਆਂ ਸ਼ਰਤਾਂ ਦਾ ਪਤਾ ਲੱਗਾ ਹੈ, ਜੋ ਇਰਾਨ ਪੱਖੀ ਹੋ ਸਕਦੀਆਂ ਸਨ। ਟਰੰਪ ਨੇ ਹਾਲਾਂਕਿ ਇਸ ਦੀ ਨੁਕਤਾਚੀਨੀ ਕੀਤੀ ਤੇ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਦੱਸਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਭਲਕੇ ਸ਼ਾਂਤੀ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਹੋਣ ਮਗਰੋਂ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਦਾ ਮੁੱਢ ਬੱਝੇਗਾ।

 

sant sagar