ਏਅਰ ਕੈਨੇਡਾ, ਏਅਰ ਫਰਾਂਸ, ਲੁਫਥਾਂਸਾ ਵਲੋਂ ਤਲ ਅਵੀਵ ਤੇ ਦੁਬਈ ਦੇ ਰੂਟ ਬੰਦ

ਏਅਰ ਕੈਨੇਡਾ, ਏਅਰ ਫਰਾਂਸ, ਲੁਫਥਾਂਸਾ ਵਲੋਂ ਤਲ ਅਵੀਵ ਤੇ ਦੁਬਈ ਦੇ ਰੂਟ ਬੰਦ

 ਏਅਰ ਕੈਨੇਡਾ, ਏਅਰ ਫਰਾਂਸ, ਲੁਫਥਾਂਸਾ ਵਲੋਂ ਤਲ ਅਵੀਵ ਤੇ ਦੁਬਈ ਦੇ ਰੂਟ ਬੰਦ 
ਦੁਬਈ-ਇਰਾਨ ਦੀ ਜੰਗ ਕਾਰਨ ਪੈਦਾ ਹੋਈ ਰੁਕਾਵਟ ਤੋਂ ਬਾਅਦ ਮੱਧ ਪੂਰਬੀ ਹਵਾਬਾਜ਼ੀ ਕੰਪਨੀਆਂ ਨੇ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਖਾੜੀ ਖੇਤਰ ਤੋਂ ਬਾਹਰ ਦੀਆਂ ਏਅਰਲਾਈਨਾਂ ਯੂਰਪ ਅਤੇ ਏਸ਼ੀਆ ਵਿਚਕਾਰ ਆਪਣੀਆਂ ਉਡਾਣਾਂ ਨੂੰ ਇਸ ਖੇਤਰ ਦੇ ਮੁੱਖ ਕੇਂਦਰਾਂ ਤੋਂ ਦੂਰ ਮੋੜ ਰਹੀਆਂ ਹਨ। ਏਜੀਅਨ ਏਅਰਲਾਈਨਜ਼ ਨੇ ਤਲ ਅਵੀਵ ਲਈ ਆਪਣੀਆਂ ਉਡਾਣਾਂ 21 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਪਰ ਦੁਬਈ ਲਈ ਉਡਾਣਾਂ 31 ਅਗਸਤ ਤੱਕ ਰੱਦ ਰਹਿਣਗੀਆਂ।
ਇਸੇ ਤਰ੍ਹਾਂ ਏਅਰ ਕੈਨੇਡਾ ਨੇ ਤਲ ਅਵੀਵ ਅਤੇ ਦੁਬਈ ਲਈ ਆਪਣੀਆਂ ਸੇਵਾਵਾਂ 7 ਸਤੰਬਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਏਅਰ ਫਰਾਂਸ-ਕੇ.ਐੱਲ.ਐੱਮ. ਨੇ ਵੀ ਤਲ ਅਵੀਵ, ਬੇਰੂਤ ਅਤੇ ਦੁਬਈ ਲਈ ਆਪਣੀਆਂ ਉਡਾਣਾਂ 27 ਮਈ ਤੱਕ ਰੋਕ ਦਿੱਤੀਆਂ ਹਨ।
ਅਮਰੀਕੀ ਕੰਪਨੀ ਡੈਲਟਾ ਨੇ ਐਟਲਾਂਟਾ ਤੋਂ ਤਲ ਅਵੀਵ ਦੇ ਰੂਟ ਨੂੰ 30 ਨਵੰਬਰ ਤੱਕ ਮੁਅੱਤਲ ਕਰ ਦਿੱਤਾ ਹੈ, ਜਦਕਿ ਨਿਊਯਾਰਕ ਤੋਂ ਸੇਵਾਵਾਂ 6 ਸਤੰਬਰ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਇਜ਼ਰਾਈਲ ਦੀ ਆਪਣੀ ਏਅਰਲਾਈਨ 'ਏਲ ਅਲ' ਨੇ ਵੀ ਦੁਬਈ ਲਈ 31 ਮਈ ਤੱਕ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਬ੍ਰਿਟਿਸ਼ ਏਅਰਵੇਜ਼ ਨੇ ਮੱਧ ਪੂਰਬ ਲਈ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਹਨ ਅਤੇ ਜੇਦਾਹ ਨੂੰ ਪੱਕੇ ਤੌਰ 'ਤੇ ਆਪਣੇ ਨਕਸ਼ੇ ਤੋਂ ਹਟਾ ਦਿੱਤਾ ਹੈ, ਜਦਕਿ ਭਾਰਤ ਅਤੇ ਅਫ਼ਰੀਕਾ ਲਈ ਆਪਣੀ ਸਮਰੱਥਾ ਵਧਾ ਦਿੱਤੀ ਹੈ। ਫਿਨਏਅਰ ਨੇ ਦੋਹਾ ਲਈ ਉਡਾਣਾਂ 2 ਜੁਲਾਈ ਤੱਕ ਰੱਦ ਕਰ ਦਿੱਤੀਆਂ ਹਨ ਅਤੇ ਉਹ ਇਰਾਕ, ਇਰਾਨ ਅਤੇ ਸੀਰੀਆ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਲੁਫਥਾਂਸਾ ਗਰੁੱਪ ਨੇ ਤਲ ਅਵੀਵ ਲਈ 31 ਮਈ ਅਤੇ ਦੁਬਈ ਲਈ 11 ਜੁਲਾਈ ਤੱਕ ਉਡਾਣਾਂ ਰੋਕ ਦਿੱਤੀਆਂ ਹਨ, ਜਦਕਿ ਤਹਿਰਾਨ ਅਤੇ ਮਸਕਟ ਵਰਗੇ ਸ਼ਹਿਰਾਂ ਲਈ ਸੇਵਾਵਾਂ 24 ਅਕਤੂਬਰ ਤੱਕ ਬੰਦ ਰਹਿਣਗੀਆਂ।
ਤੁਰਕੀ ਦੀ ਪੇਗਾਸਸ ਏਅਰਲਾਈਨਜ਼ ਨੇ ਇਰਾਨ, ਇਰਾਕ, ਕੁਵੈਤ ਅਤੇ ਦੋਹਾ ਸਮੇਤ ਕਈ ਦੇਸ਼ਾਂ ਲਈ ਆਪਣੀਆਂ ਉਡਾਣਾਂ 1 ਜੂਨ ਤੱਕ ਰੱਦ ਕਰ ਦਿੱਤੀਆਂ ਹਨ। ਆਸਟਰੇਲੀਆ ਦੀ ਕਾਂਟਾਸ (Qantas) ਏਅਰਲਾਈਨ ਯੂਰਪੀ ਰੂਟਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਰੋਮ ਅਤੇ ਪੈਰਿਸ ਲਈ ਵਾਧੂ ਉਡਾਣਾਂ ਚਲਾ ਰਹੀ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਵੀ ਦੁਬਈ ਲਈ ਆਪਣੀਆਂ ਸੇਵਾਵਾਂ 2 ਅਗਸਤ ਤੱਕ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਰੁਕਾਵਟਾਂ ਦੇ ਵਿਚਕਾਰ ਕੁਝ ਏਅਰਲਾਈਨਾਂ ਨੇ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਸੰਕੇਤ ਵੀ ਦਿੱਤੇ ਹਨ। ਕਤਰ ਏਅਰਵੇਜ਼ ਨੇ 10 ਮਈ ਤੋਂ ਇਰਾਕ ਦੇ ਬਗਦਾਦ, ਬਸਰਾ ਅਤੇ ਇਰਬਿਲ ਹਵਾਈ ਅੱਡਿਆਂ ਲਈ ਯਾਤਰੀ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ 16 ਜੂਨ ਤੋਂ ਆਪਣੇ ਅੰਤਰਰਾਸ਼ਟਰੀ ਨੈੱਟਵਰਕ ਨੂੰ 150 ਤੋਂ ਵੱਧ ਮੰਜ਼ਿਲਾਂ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ।
ਮਲੇਸ਼ੀਆ ਏਅਰਲਾਈਨਜ਼ ਵੀ 2 ਜੂਨ ਤੋਂ ਦੋਹਾ ਲਈ ਸੀਮਤ ਸੇਵਾਵਾਂ ਸ਼ੁਰੂ ਕਰੇਗੀ। ਹਾਲਾਂਕਿ ਵਿਜ਼ ਏਅਰ (Wizz Air) ਵਰਗੀਆਂ ਸਸਤੀਆਂ ਹਵਾਈ ਸੇਵਾਵਾਂ ਨੇ ਯੂਰਪੀ ਦੇਸ਼ਾਂ ਤੋਂ ਦੁਬਈ, ਅਬੂ ਧਾਬੀ ਅਤੇ ਓਮਾਨ ਲਈ ਉਡਾਣਾਂ ਸਤੰਬਰ ਦੇ ਅੱਧ ਤੱਕ ਮੁਅੱਤਲ ਕਰ ਦਿੱਤੀਆਂ ਹਨ ਅਤੇ ਮਦੀਨਾ ਲਈ ਸਾਰੀਆਂ ਉਡਾਣਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਸਥਿਤੀ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਵਿੱਚ ਸ਼ਡਿਊਲ ਵਿੱਚ ਹੋਰ ਬਦਲਾਅ ਕੀਤੇ ਜਾ ਸਕਦੇ ਹਨ।

ad