ਸਾਡੇ ਲਈ ਹਾਲੇ ਵੀ ਜੰਗ ਵਰਗੇ ਹਾਲਾਤ ਤੇ ਫੌਜ ਅਲਰਟ: ਇਰਾਨ

ਸਾਡੇ ਲਈ ਹਾਲੇ ਵੀ ਜੰਗ ਵਰਗੇ ਹਾਲਾਤ ਤੇ ਫੌਜ ਅਲਰਟ: ਇਰਾਨ

 ਸਾਡੇ ਲਈ ਹਾਲੇ ਵੀ ਜੰਗ ਵਰਗੇ ਹਾਲਾਤ ਤੇ ਫੌਜ ਅਲਰਟ: ਇਰਾਨ 
ਇਰਾਨ ਨੇ ਸਪਸ਼ਟ ਕੀਤਾ ਹੈ ਕਿ ਭਾਵੇਂ ਇਸ ਸਮੇਂ ਜੰਗਬੰਦੀ ਲਾਗੂ ਹੈ ਪਰ ਉਸ ਦੇ ਦੇਸ਼ ਲਈ ਹਾਲਾਤ ਹਾਲੇ ਵੀ ਜੰਗ ਵਰਗੇ ਹੀ ਬਣੇ ਹੋਏ ਹਨ। ਇਰਾਨੀ ਫੌਜ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਪੂਰੇ ਦੇਸ਼ ਵਿੱਚ ਲਗਾਤਾਰ ਨਿਗਰਾਨੀ ਅਤੇ ਸਰਵੀਲੈਂਸ ਜਾਰੀ ਹੈ ਅਤੇ ਇਰਾਨ ਮੌਜੂਦਾ ਸਥਿਤੀ ਨੂੰ ਕਿਸੇ ਵੀ ਕੀਮਤ 'ਤੇ ਪੂਰੀ ਤਰ੍ਹਾਂ ਆਮ ਨਹੀਂ ਮੰਨ ਰਿਹਾ। ਬੁਲਾਰੇ ਅਨੁਸਾਰ ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਹਰ ਛੋਟੀ-ਵੱਡੀ ਗਤੀਵਿਧੀ 'ਤੇ ਨਜ਼ਰ ਰੱਖ ਰਹੀਆਂ ਹਨ।ਇਰਾਨ ਨੇ ਅੱਜ ਕਿਹਾ ਹੈ ਕਿ ਅਮਰੀਕਾ ਹੁਣ ਉਸ ਸਥਿਤੀ ਵਿੱਚ ਨਹੀਂ ਰਿਹਾ ਕਿ ਉਹ ਦੂਜੇ ਦੇਸ਼ਾਂ ’ਤੇ ਆਪਣੇ ਫੈਸਲੇ ਥੋਪ ਸਕੇ ਜਾਂ ਉਨ੍ਹਾਂ ਨੂੰ ਇਹ ਦੱਸੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਤਹਿਰਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਰਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰੇਜ਼ਾ ਤਲਾਏਈ-ਨਿਕ ਨੇ ਰਸਮੀ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਡੋਨਲਡ ਟਰੰਪ ਦੇ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਹੁਣ ਗੋਡੇ ਨਹੀਂ ਟੇਕਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਆਪਣੀਆਂ ਗਲਤ ਮੰਗਾਂ ਨੂੰ ਤੁਰੰਤ ਛੱਡਣਾ ਪਵੇਗਾ।
ਇਹ ਅਹਿਮ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ, ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਨਾਲ ਸਬੰਧਤ ਇਰਾਨ ਦੇ ਇੱਕ ਨਵੇਂ ਪ੍ਰਸਤਾਵ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਵਰਤਮਾਨ ਵਿੱਚ ਅਮਰੀਕਾ, ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਲਾਗੂ ਹੈ ਪਰ ਇਸ ਲੰਮੇ ਸੰਘਰਸ਼ ਨੂੰ ਸਥਾਈ ਤੌਰ 'ਤੇ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ ਵਿੱਚ ਅਜੇ ਤੱਕ ਕੋਈ ਨਿਰਣਾਇਕ ਨਤੀਜਾ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ, ਖੇਤਰੀ ਹਾਲਾਤ ਨੂੰ ਦੇਖਦੇ ਹੋਏ ਲੈਬਨਾਨ ਵਿੱਚ ਵੀ ਸੁਰੱਖਿਆ ਪ੍ਰਬੰਧ ਸਖ਼ਤ ਹਨ ਅਤੇ ਉੱਥੋਂ ਦੀ ਪੁਲੀਸ ਵੀ ਪੂਰੀ ਤਰ੍ਹਾਂ ਚੌਕਸ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਇਰਾਨ ਪਹਿਲੀ ਵਾਰ ਵਿਸ਼ਵ ਵਪਾਰ ਲਈ ਅਹਿਮ ਮੰਨੇ ਜਾਂਦੇ ਹੋਰਮੁਜ਼ ਜਲਮਾਰਗ ਨੂੰ ਖੋਲ੍ਹਣ ਲਈ ਸਹਿਮਤ ਹੋ ਗਿਆ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਤਿੰਨ ਇਰਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਨੇ ਅਮਰੀਕਾ ਨੂੰ ਸਮੁੰਦਰੀ ਨਾਕੇਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਇਰਾਨ ਦਾ ਇਹ ਕਦਮ ਖੇਤਰ ਵਿੱਚ ਤਣਾਅ ਘਟਾਉਣ ਅਤੇ ਆਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਇਰਾਨ ਵੱਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਅਨੁਸਾਰ, ਟਰੰਪ ਇਸ ਗੱਲ ਤੋਂ ਨਾਰਾਜ਼ ਹਨ ਕਿ ਇਰਾਨ ਨੇ ਪਰਮਾਣੂ ਮੁੱਦੇ ’ਤੇ ਚਰਚਾ ਨੂੰ ਜੰਗ ਖਤਮ ਹੋਣ ਤੱਕ ਟਾਲਣ ਦੀ ਗੱਲ ਕਹੀ ਹੈ। ਇਸ ਘਟਨਾਕ੍ਰਮ ਨਾਲ ਉਨ੍ਹਾਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਜੋ ਵਿਸ਼ਵ ਪੱਧਰ ’ਤੇ ਮਹਿੰਗਾਈ ਅਤੇ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਹੁੰਦੀਆਂ ਦੇਖਣਾ ਚਾਹੁੰਦੇ ਸਨ।
ਇਰਾਨ ਦੀ ਇਸ ਨਵੀਂ ਪੇਸ਼ਕਸ਼ ਵਿੱਚ ਕਿਹਾ ਗਿਆ ਸੀ ਕਿ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਜੰਗ ਪੂਰੀ ਤਰ੍ਹਾਂ ਰੁਕ ਜਾਵੇਗੀ ਅਤੇ ਖਾੜੀ ਦੇਸ਼ਾਂ ਵਿੱਚ ਸਮੁੰਦਰੀ ਵਪਾਰ ਨਾਲ ਸਬੰਧਤ ਵਿਵਾਦ ਸੁਲਝ ਜਾਣਗੇ। ਹਾਲਾਂਕਿ, ਵ੍ਹਾਈਟ ਹਾਊਸ ਦੀ ਤਰਜਮਾਨ ਓਲੀਵੀਆ ਵੇਲਜ਼ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਆਪਣੀਆਂ ‘ਰੈੱਡ ਲਾਈਨਾਂ’ (ਹੱਦਾਂ) ਬਾਰੇ ਸਪੱਸ਼ਟ ਹੈ ਅਤੇ ਪਰਮਾਣੂ ਮੁੱਦੇ ਨੂੰ ਸ਼ੁਰੂਆਤ ਤੋਂ ਹੀ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਫਰਵਰੀ ਵਿੱਚ ਇਜ਼ਰਾਈਲ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।

sant sagar