ਅਮਰੀਕਾ ਦੇ ਪੱਖ ਦੀ ਗੱਲ ਕਰ ਰਿਹਾ ਹੈ ਪਾਕਿਸਤਾਨ: ਇਰਾਨ

ਅਮਰੀਕਾ ਦੇ ਪੱਖ ਦੀ ਗੱਲ ਕਰ ਰਿਹਾ ਹੈ ਪਾਕਿਸਤਾਨ: ਇਰਾਨ

ਅਮਰੀਕਾ ਦੇ ਪੱਖ ਦੀ ਗੱਲ ਕਰ ਰਿਹਾ ਹੈ ਪਾਕਿਸਤਾਨ: ਇਰਾਨ 
ਮਿਡਲ ਈਸਟ ਵਿੱਚ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਅਤੇ ਅਮਰੀਕਾ ਵਿਚਾਲੇ ਹੋ ਰਹੀ ਗੱਲਬਾਤ ਵਿੱਚ ਅਜੇ ਤੱਕ ਕੋਈ ਪੱਕਾ ਸਮਝੌਤਾ ਨਹੀਂ ਹੋ ਸਕਿਆ ਹੈ। ਇਸੇ ਦੌਰਾਨ ਇਰਾਨ ਦੇ ਇੱਕ ਆਗੂ ਨੇ ਪਾਕਿਸਤਾਨ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਇਬਰਾਹਿਮ ਰੇਜ਼ਈ ਨੇ ਕਿਹਾ ਹੈ ਕਿ ਪਾਕਿਸਤਾਨ ਸਾਡਾ ਦੋਸਤ ਜ਼ਰੂਰ ਹੈ ਪਰ ਉਹ ਇਸ ਗੱਲਬਾਤ ਵਿੱਚ ਇੱਕ ਸਹੀ ਵਿਚੋਲਾ ਨਹੀਂ ਬਣ ਸਕਦਾ।
ਰੇਜ਼ਈ ਦਾ ਮੰਨਣਾ ਹੈ ਕਿ ਪਾਕਿਸਤਾਨ ਅਕਸਰ ਡੋਨਲਡ ਟਰੰਪ ਅਤੇ ਅਮਰੀਕਾ ਦੇ ਫ਼ਾਇਦਿਆਂ ਨੂੰ ਧਿਆਨ ਵਿੱਚ ਰੱਖਦਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਕੁਝ ਵੀ ਨਹੀਂ ਬੋਲਦਾ, ਇਸ ਲਈ ਉਸ ਨੂੰ ਨਿਰਪੱਖ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਮੁਤਾਬਕ ਇੱਕ ਚੰਗਾ ਵਿਚੋਲਾ ਉਹੀ ਹੁੰਦਾ ਹੈ ਜੋ ਦੋਵਾਂ ਧਿਰਾਂ ਵਿਚਾਲੇ ਬਰਾਬਰੀ ਰੱਖੇ ਨਾ ਕਿ ਕਿਸੇ ਇੱਕ ਪਾਸੇ ਝੁਕਿਆ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਿਰਫ਼ 24 ਘੰਟਿਆਂ ਦੇ ਅੰਦਰ ਦੋ ਵਾਰ ਪਾਕਿਸਤਾਨ ਦਾ ਦੌਰਾ ਕੀਤਾ ਹੈ।
ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਖ਼ਤਮ ਕਰਨ ਲਈ ਇੱਕ ਵੱਡੀ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਇਰਾਨ ਨੇ ਪਾਕਿਸਤਾਨੀ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਇੱਕ ਨਵੀਂ ‘ਸ਼ਾਂਤੀ ਪੇਸ਼ਕਸ਼’ ਭੇਜੀ ਹੈ। ਇਸ ਤਜਵੀਜ਼ ਵਿੱਚ ਇਰਾਨ ਨੇ ਤੇਲ ਦੀ ਸਪਲਾਈ ਲਈ ਅਹਿਮ ਮੰਨੇ ਜਾਂਦੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਅਤੇ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਗੱਲ ਕਹੀ ਹੈ।ਇੱਕ ਰਿਪੋਰਟ ਮੁਤਾਬਕ ਇਰਾਨ ਨੇ ਸੁਝਾਅ ਦਿੱਤਾ ਹੈ ਕਿ ਵਿਵਾਦਤ ਪਰਮਾਣੂ ਵਾਰਤਾ ਨੂੰ ਫਿਲਹਾਲ ਬਾਅਦ ਵਾਲੇ ਪੜਾਅ ਲਈ ਮੁਲਤਵੀ ਕਰ ਦਿੱਤਾ ਜਾਵੇ ਤਾਂ ਜੋ ਤੁਰੰਤ ਸ਼ਾਂਤੀ ਬਹਾਲ ਹੋ ਸਕੇ। ਹਾਲਾਂਕਿ ਇਸ ਮਾਮਲੇ ’ਤੇ ਅਮਰੀਕੀ ਵਿਦੇਸ਼ ਵਿਭਾਗ ਅਤੇ ਵ੍ਹਾਈਟ ਹਾਊਸ ਨੇ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਇਰਾਨ ਲੰਬੇ ਸਮੇਂ ਤੋਂ ਯੂਰੇਨੀਅਮ ਸੰਵਰਧਨ (enrichment) ਦੇ ਆਪਣੇ ਅਧਿਕਾਰ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ ਹੈ। ਜਿੱਥੇ ਤਹਿਰਾਨ ਇਸ ਨੂੰ ਸ਼ਾਂਤਮਈ ਉਦੇਸ਼ਾਂ ਲਈ ਦੱਸਦਾ ਹੈ, ਉੱਥੇ ਹੀ ਪੱਛਮੀ ਦੇਸ਼ਾਂ ਨੂੰ ਖਦਸ਼ਾ ਹੈ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

sant sagar