ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਛੱਡਿਆ

ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਛੱਡਿਆ

ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਛੱਡਿਆ 
ਵਾਸ਼ਿੰਗਟਨ-ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੈਂਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਫੇਲਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਹੰਗ ਕਾਓ ਜਲ ਸੈਨਾ ਦੇ ਕਾਰਜਕਾਰੀ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਇਹ ਅਸਤੀਫ਼ਾ ਅਜਿਹੇ ਨਾਜ਼ੁਕ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਟਕਰਾਅ ਜਾਰੀ ਹੈ ਅਤੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚੁਣੌਤੀਆਂ ਵਧੀਆਂ ਹੋਈਆਂ ਹਨ। ਹਾਲੇ ਇਹ ਫੌਰੀ ਤੌਰ ’ਤੇ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਆਪਣਾ ਅਸਤੀਫਾ ਕਿਉਂ ਦਿੱਤਾ ਹੈ।
ਦੂਜੇ ਪਾਸੇ ਅਮਰੀਕੀ ਜਲ ਸੈਨਾ ਜੰਗਬੰਦੀ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਇਰਾਨ ਦੀਆਂ ਬੰਦਰਗਾਹਾਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਸੀ.ਐੱਨ.ਐੱਨ ਦੀ ਰਿਪੋਰਟ ਮੁਤਾਬਕ ਅਮਰੀਕੀ ਫੌਜਾਂ ਨੇ ਹੁਣ ਤੱਕ 29 ਸਮੁੰਦਰੀ ਜਹਾਜ਼ਾਂ ਨੂੰ ਵਾਪਸ ਮੋੜ ਦਿੱਤਾ ਹੈ ਅਤੇ ਕਈ ਅਜਿਹੇ ਜਹਾਜ਼ਾਂ ਨੂੰ ਰੋਕਿਆ ਹੈ ਜੋ ਪਾਬੰਦੀਆਂ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਹੋਰਮੁਜ਼ ਦੇ ਇਲਾਕੇ ਵਿੱਚ ਤਣਾਅ ਅਜੇ ਵੀ ਬਰਕਰਾਰ ਹੈ, ਜਿਸ ਕਾਰਨ ਖੇਤਰੀ ਸੁਰੱਖਿਆ ਅਤੇ ਪੁਲੀਸ ਕਾਰਵਾਈਆਂ ਵਰਗੀ ਚੌਕਸੀ ਵਧਾ ਦਿੱਤੀ ਗਈ ਹੈ।
ਤਣਾਅ ਦੇ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਗੱਲਬਾਤ ਰਾਹੀਂ ਮਸਲੇ ਦੇ ਹੱਲ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਨੇ ਪਾਕਿਸਤਾਨੀ ਲੀਡਰਸ਼ਿਪ ਦੀ ਬੇਨਤੀ 'ਤੇ ਜੰਗਬੰਦੀ ਨੂੰ ਦੋ ਹਫ਼ਤਿਆਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਰਾਨੀ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਮਿਲ ਸਕੇ। ਟਰੰਪ ਨੇ ਇੱਕ ਸੰਦੇਸ਼ ਰਾਹੀਂ ਕਿਹਾ ਕਿ ਸਮਝੌਤਾ ਹੋਣਾ ਸੰਭਵ ਹੈ, ਜਦਕਿ ਪਾਕਿਸਤਾਨੀ ਸੂਤਰਾਂ ਨੇ ਵੀ ਇਰਾਨ ਨਾਲ ਹੋ ਰਹੀ ਗੱਲਬਾਤ ਵਿੱਚ ਹਾਂ-ਪੱਖੀ ਰੁਝਾਨ ਦੇਖਣ ਦੀ ਗੱਲ ਕਹੀ ਹੈ।

ad