ਅਮਰੀਕਾ ਤੇ ਇਰਾਨ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ

ਅਮਰੀਕਾ ਤੇ ਇਰਾਨ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ

ਅਮਰੀਕਾ ਤੇ ਇਰਾਨ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ
ਇਰਾਨ, ਅਮਰੀਕਾ ਤੇ ਇਜ਼ਰਾਈਲ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਦੋਵਾਂ ਧਿਰਾਂ ਦੀ ਰਜ਼ਾਮੰਦੀ ਮਗਰੋਂ ਪੱਛਮੀ ਏਸ਼ੀਆ ਵਿੱਚ 28 ਫਰਵਰੀ ਤੋਂ ਜਾਰੀ ਟਕਰਾਅ ਖ਼ਤਮ ਹੋਣ ਦੀ ਆਸ ਬੱਝੀ ਹੈ। ਇਰਾਨ ਨੇ ਸਹਿਮਤੀ ਲਈ ਅਮਰੀਕਾ ਅੱਗੇ 10 ਨੁਕਾਤੀ ਏਜੰਡਾ ਰੱਖਦਿਆਂ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਦੀ ਹਾਮੀ ਭਰੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਨੇ ਖੁ਼ਦ ਵੱਲੋਂ ਤੈਅ ਕੀਤੀ ਮੋਹਲਤ ਖ਼ਤਮ ਹੋਣ ਤੋਂ ਡੇਢ ਘੰਟਾ ਪਹਿਲਾਂ ਐਲਾਨ ਕੀਤਾ ਕਿ ਅਮਰੀਕਾ ਨੇ ਪਾਕਿਸਤਾਨ ਦੀ ਤਜਵੀਜ਼ ਉੱਤੇ ਦੋ ਹਫ਼ਤਿਆਂ ਲਈ ਜੰਗਬੰਦੀ ਉੱਤੇ ਸਹਿਮਤੀ ਜਤਾਈ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਜੰਗਬੰਦੀ ਦੇ ਬਾਵਜੂਦ ਅਮਰੀਕੀ ਜੰਗੀ ਬੇੜੇ ਹਰਮੁਜ਼ ਜਲ ਮਾਰਗ ਦੁਆਲੇ ਮੌਜੁੂਦ ਰਹਿਣਗੇ। ਟਰੰਪ ਨੇ ਜੰਗਬੰਦੀ ਸਮਝੌਤੇ ਨੂੰ ‘ਆਲਮੀ ਸ਼ਾਂਤੀ ਲਈ ਵੱਡਾ ਦਿਨ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਲ ਮੱਧ ਪੂਰਬ ਲਈ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਹੋ ਸਕਦਾ ਹੈ।
ਉਧਰ ਅਮਰੀਕੀ ਡੈਮੋਕਰੈਟਿਕ ਪਾਰਟੀ ਦੇ ਆਗੂਆਂ ਨੇ ਇਰਾਨੀ ਸੱਭਿਅਤਾ ਖ਼ਤਮ ਕਰਨ ਦੀ ਟਿੱਪਣੀ ਕਾਰਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਇਰਾਨ ਦੀ ਸੁਪਰੀਮ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਉਹ ਦੋ ਹਫ਼ਤਿਆਂ ਦੀ ਜੰਗਬੰਦੀ ਨੂੰ ਸਵੀਕਾਰ ਕਰਦੇ ਹਨ ਤੇ ਇਰਾਨ ਸ਼ੁੱਕਰਵਾਰ (10 ਅਪਰੈਲ) ਤੋਂ ਇਸਲਾਮਾਬਾਦ ਵਿੱਚ ਅਮਰੀਕਾ ਨਾਲ ਗੱਲਬਾਤ ਕਰੇਗਾ।
ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਗੱਲਬਾਤ ਦੌਰਾਨ ਅਪੀਲ ਕੀਤੀ ਕਿ ਮੈਂ ਅੱਜ ਰਾਤ ਨੂੰ ਇਰਾਨ ਖ਼ਿਲਾਫ਼ ਹੋਣ ਵਾਲੀ ਤਬਾਹਕੁਨ ਕਾਰਵਾਈ ਨੂੰ ਇਸ ਸ਼ਰਤ ’ਤੇ ਰੋਕ ਦੇਵਾਂ ਜੇ ਇਰਾਨ ਹਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ, ਫ਼ੌਰੀ ਤੇ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਬਾਰੇ ਸਹਿਮਤ ਹੋਵੇ।’’ ਟਰੰਪ ਨੇ ਕਿਹਾ, ‘‘ਮੈਂ ਦੋ ਹਫ਼ਤਿਆਂ ਲਈ ਇਰਾਨ ’ਤੇ ਬੰਬਾਰੀ ਤੇ ਹਮਲੇ ਰੋਕਣ ਬਾਰੇ ਸਹਿਮਤ ਹਾਂ। ਇਰਾਨ ਦੇ ਪੁਲਾਂ ਤੇ ਬਿਜਲੀ ਪਲਾਂਟਾਂ ’ਤੇ ਹਮਲਿਆਂ ਦੀ ਯੋਜਨਾ ਫ਼ਿਲਹਾਲ ਟਾਲ ਰਹੇ ਹਾਂ ਤੇ ਜੰਗਬੰਦੀ ਵਿੱਚ ਹਰਮੁਜ਼ ਜਲ ਮਾਰਗ ਖੋਲ੍ਹਣ ਦੀ ਯੋਜਨਾ ਵੀ ਸ਼ਾਮਲ ਹੈ।’’ ਅਮਰੀਕੀ ਸਦਰ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਇਰਾਨ ਨੇ 10-ਨੁਕਾਤੀ ਏਜੰਡੇ ਦੀ ਤਜਵੀਜ਼ ਰੱਖੀ ਹੈ, ਜੋ 28 ਫਰਵਰੀ ਨੂੰ ਇਜ਼ਰਾਈਲ ਤੇ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਹਾਲਾਂਕਿ ਜਦੋਂ ਏਜੰਡੇ ਦਾ ਫ਼ਾਰਸੀ ਰੂਪ ਸਾਹਮਣੇ ਆਇਆ, ਜਿਸ ਵਿੱਚ ਇਸ਼ਾਰਾ ਕੀਤਾ ਗਿਆ ਸੀ ਕਿ ਇਰਾਨ ਨੂੰ ਯੂਰੇਨੀਅਮ ਸੋਧਣ ਦਾ ਅਮਲ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਟਰੰਪ ਨੇ ਇਸ ਨੂੰ ਧੋਖਾਧੜੀ ਕਰਾਰ ਦਿੱਤਾ।
ਇਰਾਨ ਨੇ ਆਪਣੇ ਦਸ ਨੁਕਾਤੀ ਏਜੰਡੇ ਵਿੱਚ ਜੰਗ ਖ਼ਤਮ ਕਰਨ ਸਣੇ ਖ਼ਿੱਤੇ ਵਿੱਚੋਂ ਅਮਰੀਕੀ ਫ਼ੌਜਾਂ ਹਟਾਉਣ, ਪਾਬੰਦੀਆਂ ਵਿੱਚ ਢਿੱਲ ਤੇ ਜਾਮ ਕੀਤੇ ਅਸਾਸੇ ਜਾਰੀ ਕਰਨ ਜਿਹੀਆਂ ਸ਼ਰਤਾਂ ਰੱਖੀਆਂ ਹਨ। ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਮਰੀਕਾ ਤੇ ਇਰਾਨ ਦੇ ਵਫ਼ਦਾਂ ਨੂੰ 10 ਅਪਰੈਲ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਮਸਲੇ ਦੇ ਹੱਲ ਲਈ ਅੱਗੇ ਦੀ ਗੱਲਬਾਤ ਕੀਤੀ ਜਾ ਸਕੇ।
ਇਜ਼ਰਾਈਲ ਨੇ ਭਾਵੇਂ ਜੰਗਬੰਦੀ ਦੀ ਹਮਾਇਤ ਕੀਤੀ ਹੈ ਪਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਤੜਕੇ ਕਿਹਾ ਕਿ ਜੰਗਬੰਦੀ ਕਰਾਰ ਵਿੱਚ ਲੈਬਨਾਨ ’ਚ ਹਿਜ਼ਬੁੱਲਾ ਖਿਲਾਫ਼ ਛੇੜੀ ਜੰਗ ਸ਼ਾਮਲ ਨਹੀਂ ਹੈ। ਇਜ਼ਰਾਇਲੀ ਫ਼ੌਜ ਨੇ ਮਗਰੋਂ ਕਿਹਾ ਕਿ ਲੈਬਨਾਨ ਵਿੱਚ ਲੜਾਈ ਤੇ ਜ਼ਮੀਨੀ ਕਾਰਵਾਈ ਜਾਰੀ ਹੈ।
ਇਸ ਦੌਰਾਨ ਇਰਾਨ ਦੇ ਖੇਤਰੀ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਜੰਗਬੰਦੀ ਦੀਆਂ ਸ਼ਰਤਾਂ ਤਹਿਤ ਇਰਾਨ ਤੇ ਓਮਾਨ ਹਰਮੁਜ਼ ਜਲ ਮਾਰਗ ਰਾਹੀਂ ਲੰਘਣ ਵਾਲੇ ਬੇੜਿਆਂ ਤੋਂ ਰਾਹਦਾਰੀ ਫੀਸ ਵਸੂਲਣਗੇ। ਅਧਿਕਾਰੀ ਨੇ ਕਿਹਾ ਕਿ ਇਰਾਨ ਇਹ ਪੈਸਾ ਆਪਣੇ ਪੁਨਰ ਨਿਰਮਾਣ ਲਈ ਵਰਤੇਗਾ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਮੋਟਾ ਪੈਸਾ ਬਣੇਗਾ। ਇਰਾਨ ਮੁੜ ਉਸਾਰੀ ਦਾ ਅਮਲ ਸ਼ੁਰੂ ਕਰ ਸਕਦਾ ਹੈ।’’ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਜਲ ਮਾਰਗ ਰਾਹੀਂ ਲਾਂਘੇ ਦੀ ਇਜਾਜ਼ਤ ਇਰਾਨੀ ਫ਼ੌਜੀ ਪ੍ਰਬੰਧ ਤਹਿਤ ਹੀ ਦਿੱਤੀ ਜਾਵੇਗੀ।

sant sagar