ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ
ਇਰਾਨ-ਇਰਾਨ ਨੇ ਪੱਛਮੀ ਏਸ਼ੀਆ ’ਚ ਜੰਗਬੰਦੀ ਲਈ ਅਮਰੀਕਾ ਦੀ 15 ਨੁਕਾਤੀ ਪੇਸ਼ਕਸ਼ ਸਿਰੇ ਤੋਂ ਨਕਾਰਦਿਆਂ ਆਪਣੀਆਂ ਪੰਜ ਸ਼ਰਤਾਂ ਰੱਖੀਆਂ ਹਨ। ਸਰਕਾਰੀ ਟੀ ਵੀ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਰਾਨ ਨੇ ਅਮਰੀਕਾ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖ਼ਾਰਜ ਕਰ ਦਿਤਾ ਹੈ। ਪ੍ਰੈੱਸ ਟੀ ਵੀ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ‘‘ਇਰਾਨ ਆਪਣੀ ਮਰਜ਼ੀ ਨਾਲ ਜੰਗ ਖ਼ਤਮ ਕਰੇਗਾ ਅਤੇ ਸ਼ਰਤਾਂ ਮੰਨ ਲਏ ਜਾਣ ਮਗਰੋਂ ਹੀ ਕੋਈ ਫ਼ੈਸਲਾ ਕੀਤਾ ਜਾਵੇਗਾ।’’ ਇਹ ਬਿਆਨ ਉਦੋਂ ਆਇਆ ਹੈ ਜਦੋਂ ਪਾਕਿਸਤਾਨ ਨੇ ਇਰਾਨ ਨੂੰ ਜੰਗਬੰਦੀ ਦੀ ਅਮਰੀਕੀ ਤਜਵੀਜ਼ ਪੇਸ਼ ਕੀਤੀ ਸੀ। ਅਧਿਕਾਰੀ ਨੇ ਇਹ ਵੀ ਕਿਹਾ ਕਿ ਤਹਿਰਾਨ ਪੱਛਮੀ ਏਸ਼ੀਆ ’ਚ ਜ਼ੋਰਦਾਰ ਹਮਲੇ ਕਰਨੇ ਜਾਰੀ ਰੱਖੇਗਾ।
ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ’ਚ ਹੋਰ ਫ਼ੌਜ ਭੇਜੇ ਜਾਣ ਦੇ ਐਲਾਨ ਦਰਮਿਆਨ ਅਮਰੀਕਾ ਨੇ ਇਰਾਨ ਨੂੰ ਜੰਗਬੰਦੀ ਲਈ 15 ਨੁਕਾਤੀ ਪੇਸ਼ਕਸ਼ ਕੀਤੀ। ਇੰਝ ਜਾਪਦਾ ਹੈ ਕਿ ਟਰੰਪ ਪ੍ਰਸ਼ਾਸਨ ਹੁਣ ਜੰਗ ਦਾ ਖਾਤਮਾ ਚਾਹੁੰਦਾ ਹੈ। ਵਾਰਤਾਕਾਰਾਂ ਵੱਲੋਂ ਇਰਾਨ ਅਤੇ ਅਮਰੀਕਾ ਦੇ ਆਗੂਆਂ ਵਿਚਾਲੇ ਆਹਮੋ-ਸਾਹਮਣੇ ਵਾਰਤਾ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ ਅਤੇ ਇਸ ਵਾਰਤਾ ਦੇ ਸ਼ੁੱਕਰਵਾਰ ਨੂੰ ਪਾਕਿਸਤਾਨ ’ਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਇਸਲਾਮਾਬਾਦ ਵੱਲੋਂ ਤਣਾਅ ਘਟਾਉਣ ਲਈ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਬਾਰੇ ਜਾਣਕਾਰੀ ਦਿੱਤੀ। ਕੁਝ ਘੰਟਿਆਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਰੀਫ਼ ਦੀ ਪੋਸਟ ਆਪਣੇ ਟਰੁੱਥ ਸੋਸ਼ਲ ਪਲੈਟਫਾਰਮ ’ਤੇ ਸਾਂਝੀ ਕੀਤੀ।
ਪਾਕਿਸਤਾਨ ਦੇ ਦੋ ਅਧਿਕਾਰੀਆਂ ਨੇ ਇਰਾਨ ਨੂੰ ਕੀਤੀ ਗਈ ਪੇਸ਼ਕਸ਼ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਿੱਚ ਪਾਬੰਦੀਆਂ ਤੋਂ ਰਾਹਤ, ਸਿਵਲ ਪਰਮਾਣੂ ਸਹਿਯੋਗ, ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵਾਪਸ ਲੈਣ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਵੱਲੋਂ ਨਿਗਰਾਨੀ, ਮਿਜ਼ਾਈਲਾਂ ’ਤੇ ਰੋਕ ਅਤੇ ਹਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਜਿਹੇ ਮੁੱਦੇ ਸ਼ਾਮਲ ਹਨ। ਇਹ ਯੋਜਨਾ ਪਾਕਿਸਤਾਨ ਸਰਕਾਰ ਦੇ ਵਿਚੋਲਿਆਂ ਰਾਹੀਂ ਇਰਾਨ ਨੂੰ ਸੌਂਪੀ ਗਈ ਹੈ, ਜਿਸ ਨੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਵਾਰਤਾ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਸੀ।

ad