ਮੋਦੀ ਵੱਲੋਂ ਵਾਰਤਾ ਤੇ ਕੂਟਨੀਤੀ ਰਾਹੀਂ ਹੱਲ ਕੱਢਣ ’ਤੇ ਜ਼ੋਰ

ਮੋਦੀ ਵੱਲੋਂ ਵਾਰਤਾ ਤੇ ਕੂਟਨੀਤੀ ਰਾਹੀਂ ਹੱਲ ਕੱਢਣ ’ਤੇ ਜ਼ੋਰ

ਮੋਦੀ ਵੱਲੋਂ ਵਾਰਤਾ ਤੇ ਕੂਟਨੀਤੀ ਰਾਹੀਂ ਹੱਲ ਕੱਢਣ ’ਤੇ ਜ਼ੋਰ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ਚਿੰਤਾ ਦਾ ਵਿਸ਼ਾ ਹਨ ਅਤੇ ਭਾਰਤ ਸਾਰੇ ਵਿਵਾਦਾਂ ਦਾ ਨਿਬੇੜਾ ਵਾਰਤਾ ਤੇ ਕੂਟਨੀਤੀ ਰਾਹੀਂ ਕਰਨ ਦੇ ਪੱਖ ’ਚ ਹੈ। ਉਹ ਐਤਵਾਰ ਤੋਂ ਲੈ ਕੇ ਹੁਣ ਤੱਕ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਸਾਊਦੀ ਅਰਬ ਦੇ ਸ਼ਹਿਜ਼ਾਦੇ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ, ਜੌਰਡਨ ਦੇ ਸ਼ਾਹ ਅਬਦੁੱਲਾ ਦੂਜੇ ਅਤੇ ਬਹਿਰੀਨ ਦੇ ਸ਼ਾਹ ਹਮਦ ਬਿਨ ਈਸਾ ਅਲ ਖ਼ਲੀਫ਼ਾ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਭਾਰਤ ਨੇ ਕਤਰ, ਤੁਰਕੀ ਅਤੇ ਸੀਰੀਆ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਦੁਵੱਲੀ ਗੱਲਬਾਤ ਮਗਰੋਂ ਸ੍ਰੀ ਮੋਦੀ ਨੇ ਕਿਹਾ, ‘‘ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ਸਾਡੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹਨ। ਭਾਰਤ ਸਾਰੇ ਵਿਵਾਦਾਂ ਦਾ ਹੱਲ ਵਾਰਤਾ ਅਤੇ ਕੂਟਨੀਤੀ ਰਾਹੀਂ ਕੱਢਣ ਦੀ ਹਮਾਇਤ ਕਰਦਾ ਹੈ। ਅਸੀਂ ਖ਼ਿੱਤੇ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਮੁਲਕਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।’’ ਮੋਦੀ-ਕਾਰਨੀ ਵਾਰਤਾ ’ਚ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਵੀ ਚਰਚਾ ਹੋਈ। ਸ੍ਰੀ ਮੋਦੀ ਨੇ ਬਹਿਰੀਨ ਦੇ ਸ਼ਾਹ ਹਮਦ ਬਿਨ ਈਸਾ ਅਲ ਖ਼ਲੀਫ਼ਾ ਅਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਪੱਛਮੀ ਏਸ਼ੀਆ ’ਚ ਜਾਰੀ ਟਕਰਾਅ ਦੌਰਾਨ ਦੋਵੇਂ ਮੁਲਕਾਂ ’ਤੇ ਹੋਏ ਹਮਲਿਆਂ ਦੀ ਨਿਖੇਧੀ ਕੀਤੀ।
ਇਸੇ ਦੌਰਾਨ ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਬਣੇ ਖੇਤਰੀ ਸੁਰੱਖਿਆ ਹਾਲਾਤ ਅਤੇ ਉਡਾਣਾਂ ਵਿੱਚ ਵਿਘਨ ਨੂੰ ਦੇਖਦਿਆਂ ਭਾਰਤ ਨੇ ਕਤਰ, ਤੁਰਕੀ ਅਤੇ ਸੀਰੀਆ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਉਨ੍ਹਾਂ ਨੂੰ ਚੌਕਸ ਰਹਿਣ ਅਤੇ ਸਹਾਇਤਾ ਲਈ ਸਬੰਧਤ ਸਫ਼ਾਰਤਖ਼ਾਨਿਆਂ ਅਤੇ ਕੌਂਸਲਖ਼ਾਨਿਆਂ ਦੇ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਦੋਹਾ ਸਥਿਤ ਭਾਰਤੀ ਦੂਤਾਵਾਸ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਸੁਰੱਖਿਆ ਸਥਿਤੀ ਕਾਰਨ 2 ਮਾਰਚ ਨੂੰ ਨਿਯਮਤ ਕੌਂਸਲਰ ਸੇਵਾਵਾਂ ਬੰਦ ਰਹਿਣਗੀਆਂ। ਦੂਤਾਵਾਸ ਨੇ ਕਿਹਾ ਕਿ ਕਤਰ ਵਿੱਚ ਰਹਿ ਰਹੇ ਸਾਰੇ ਭਾਰਤੀ ਨਾਗਰਿਕ ਧਿਆਨ ਦੇਣ ਕਿ ਦੋਹਾ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਿੱਚ ਨਿਯਮਤ ਸੇਵਾਵਾਂ ਮੁਅੱਤਲ ਰਹਿਣਗੀਆਂ, ਪਰ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਤੁਰੰਤ ਸਹਾਇਤਾ ਲਈ ਦੂਤਾਵਾਸ ਨੇ ਹੈਲਪਲਾਈਨ ਨੰਬਰ +974-55647502 ਅਤੇ ਈਮੇਲ cons.doha@mea.gov.in ਵੀ ਸਾਂਝੀ ਕੀਤੀ ਹੈ।

ad