ਟਰੰਪ ਦਾ ਵਪਾਰਕ ਹਮਲਾ: ਸੌਦੇ ਘੱਟ, ਬੇਯਕੀਨੀ ਵੱਧ

ਟਰੰਪ ਦਾ ਵਪਾਰਕ ਹਮਲਾ: ਸੌਦੇ ਘੱਟ, ਬੇਯਕੀਨੀ ਵੱਧ

90 ਦਿਨਾਂ ਵਿੱਚ 90 ਸੌਦਿਆਂ ਦੀ ਭਵਿੱਖਬਾਣੀ ਨਹੀਂ ਹੋਈ ਪੂਰੀ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਅਪਰੈਲ ਵਿੱਚ ਦਰਜਨਾਂ ਦੇਸ਼ਾਂ ਨਾਲ ਵਿਸ਼ਵ ਵਪਾਰਕ ਗੱਲਬਾਤ ਦੇ ਤੇਜ਼ ਦੌਰ ਦਾ ਵਾਅਦਾ ਕੀਤਾ ਸੀ। ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ 90 ਦਿਨਾਂ ਵਿੱਚ 90 ਸੌਦਿਆਂ ਦੀ ਭਵਿੱਖਬਾਣੀ ਕੀਤੀ ਸੀ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਹੋਰ ਦੇਸ਼ ਟਰੰਪ ਵੱਲੋਂ 9 ਜੁਲਾਈ ਤੋਂ ਉਨ੍ਹਾਂ ਦੇ ਉਤਪਾਦਾਂ ’ਤੇ ਲਗਾਏ ਜਾਣ ਵਾਲੇ ਭਾਰੀ ਦਰਾਮਦ ਟੈਕਸਾਂ ਜਾਂ ਟੈਰਿਫਾਂ ਤੋਂ ਬਚਣ ਲਈ ਰਿਆਇਤਾਂ ਦੇਣ ਵਾਸਤੇ ਕਾਹਲੇ ਹਨ ਪਰ 90 ਦਿਨ ਬੀਤ ਚੁੱਕੇ ਹਨ ਅਤੇ ਵਪਾਰਕ ਸੌਦਿਆਂ ਦੀ ਗਿਣਤੀ ਦੋ ’ਤੇ ਖੜ੍ਹੀ ਹੈ। ਇੱਕ ਸੌਦਾ ਬਰਤਾਨੀਆ ਨਾਲ ਅਤੇ ਦੂਜਾ ਵੀਅਤਨਾਮ ਨਾਲ ਹੋਇਆ ਹੈ। ਟਰੰਪ ਨੇ ਚੀਨ ਨਾਲ ਇੱਕ ਸੌਦੇ ਦਾ ਖਾਕਾ ਵੀ ਐਲਾਨਿਆ ਹੈ, ਜਿਸ ਦੇ ਵੇਰਵੇ ਅਸਪੱਸ਼ਟ ਹਨ।

ਟਰੰਪ ਨੇ ਹੁਣ ਗੱਲਬਾਤ ਦੀ ਸਮਾਂ-ਸੀਮਾ ਪਹਿਲੀ ਅਗਸਤ ਤੱਕ ਵਧਾ ਦਿੱਤੀ ਹੈ ਅਤੇ ਆਪਣੇ ਧਮਕੀਆਂ ਵਾਲੇ ਟੈਰਿਫਾਂ ਵਿੱਚ ਤਬਦੀਲੀ ਕੀਤੀ ਹੈ, ਜਿਸ ਨਾਲ ਵਿਸ਼ਵ ਵਪਾਰ ਪ੍ਰਣਾਲੀ ਲਗਪਗ ਤਿੰਨ ਮਹੀਨੇ ਪਹਿਲਾਂ ਵਾਲੀ ਸਥਿਤੀ ਵਿੱਚ ਹੈ। ਇੱਕ ਅਨਿਸ਼ਚਿਤਤਾ ਵਾਲੀ ਸਥਿਤੀ ਵਿੱਚ, ਕਿਉਂਕਿ ਕਾਰੋਬਾਰ ਨਿਵੇਸ਼ਾਂ, ਠੇਕਿਆਂ ਅਤੇ ਭਰਤੀ ਬਾਰੇ ਫੈਸਲੇ ਮੁਲਤਵੀ ਕਰ ਰਹੇ ਹਨ। ਅਜਿਹਾ ਇਸ ਵਾਸਤੇ, ਕਿਉਂਕਿ ਉਹ ਨਹੀਂ ਜਾਣਦੇ ਕਿ ਨਿਯਮ ਕੀ ਹੋਣਗੇ। 

ਟਰੰਪ ਨੂੰ ਟਾਕੋ ਦਾ ਲੇਬਲ ਮਿਲਿਆ
ਥਿੰਕ ਟੈਂਕ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਸਾਬਕਾ ਅਮਰੀਕੀ ਵਪਾਰਕ ਅਧਿਕਾਰੀ ਅਤੇ ਹੁਣ ਸਲਾਹਕਾਰ ਵਿਲੀਅਮ ਰੇਨਸ਼ ਨੇ ਕਿਹਾ, ‘‘ਇਹ ਮੂਲ ਰੂਪ ਵਿੱਚ ਮੁੜ ਤੋਂ ਦੌੜਨ ਵਾਂਗ ਹੈ।’’ ਟਰੰਪ ਅਤੇ ਉਨ੍ਹਾਂ ਦੀ ਟੀਮ ਉਹ ਸੌਦੇ ਨਹੀਂ ਕਰ ਸਕੀ ਜੋ ਉਹ ਚਾਹੁੰਦੇ ਹਨ, ਇਸ ਲਈ ਉਹ ਧਮਕੀਆਂ ਵਧਾ ਰਹੇ ਹਨ।’’ ਇਹ ਪੈਟਰਨ ਐਨੀ ਵਾਰ ਦੁਹਰਾਇਆ ਗਿਆ ਹੈ ਕਿ ਟਰੰਪ ਨੂੰ ਟਾਕੋ ਦਾ ਲੇਬਲ ਮਿਲ ਗਿਆ ਹੈ। ਟਾਕੋ ਮਤਲਬ ‘ਟਰੰਪ ਆਲਵੇਜ਼ ਚਿਕਨਜ਼ ਆਊਟ’ ਜੋ ਕਿ ‘ਦਿ ਫਾਈਨਾਂਸ਼ੀਅਲ ਟਾਈਮਜ਼’ ਦੇ ਰੌਬਰਟ ਆਰਮਸਟਰਾਂਗ ਵੱਲੋਂ ਘੜਿਆ ਗਿਆ ਹੈ। ਰੇਨਸ਼ ਨੇ ਕਿਹਾ, ‘‘ਇਹ ਕਲਾਸਿਕ ਟਰੰਪ ਹੈ: ਧਮਕਾਓ, ਹੋਰ ਧਮਕਾਓ, ਪਰ ਫਿਰ ਸਮਾਂ-ਸੀਮਾ ਵਧਾਓ।

ਟਰੰਪ ਦੇ ਟੈਰਿਫਾਂ ਦਾ ਰੂਬੀਓ ਦੇ ਪਹਿਲੇ ਏਸ਼ੀਆ ਦੌਰੇ ’ਤੇ ਪੈ ਸਕਦਾ ਹੈ ਪਰਛਾਵਾਂ
ਵਾਸ਼ਿੰਗਟਨ: ਅਗਲੇ ਮਹੀਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ ਵੱਡੇ ਟੈਕਸਾਂ ਦਾ ਪਰਛਾਵਾਂ ਇਸ ਹਫ਼ਤੇ ਉਨ੍ਹਾਂ ਦੇ ਚੋਟੀ ਦੇ ਡਿਪਲੋਮੈਟ ਦੇ ਏਸ਼ੀਆ ਦੇ ਪਹਿਲੇ ਅਧਿਕਾਰਤ ਦੌਰੇ ’ਤੇ ਪੈ ਸਕਦਾ ਹੈ। ਅਜਿਹਾ ਠੀਕ ਉਸੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ, ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਹਿੰਦ-ਪ੍ਰਸ਼ਾਂਤ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਸੋਮਵਾਰ ਨੂੰ ਕਈ ਦੇਸ਼ਾਂ ਨੂੰ ਉੱਚੀਆਂ ਟੈਕਸ ਦਰਾਂ ਜਾਂ ਟੈਰਿਫਾਂ ਬਾਰੇ ਚਿਤਾਵਨੀ ਭਰਿਆ ਇਕ ਨੋਟਿਸ ਭੇਜਿਆ ਸੀ। ਇਨ੍ਹਾਂ ਦੇਸ਼ਾਂ ਵਿੱਚ ਕਈ ਏਸ਼ਿਆਈ ਦੇਸ਼ ਵੀ ਸ਼ਾਮਲ ਹਨ। ਟਰੰਪ ਵੱਲੋਂ ਇਹ ਕਦਮ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਮਲੇਸ਼ੀਆ ਵਿੱਚ ਹੋ ਰਹੀ ਦੱਖਣ-ਪੂਰਬੀ ਏਸ਼ਿਆਈ ਖੇਤਰੀ ਸੁਰੱਖਿਆ ਕਾਨਫ਼ਰੰਸ ਲਈ ਰਵਾਨਾ ਹੋਣ ਦੀ ਯੋਜਨਾ ਤੋਂ ਇੱਕ ਦਿਨ ਪਹਿਲਾਂ ਆਇਆ ਹੈ। 

sant sagar