ਅਡਾਨੀ ਗਰੁੱਪ ਮੁੜ ਅਮਰੀਕੀ ਜਾਂਚ ਦੇ ਘੇਰੇ ’ਚ
ਇਰਾਨ ਤੋਂ ਗੈਸ ਲਿਆਉਣ ਦਾ ਮਾਮਲਾ; ਵਾਲ ਸਟਰੀਟ ਜਰਨਲ ਦੀ ਰਿਪੋਰਟ ’ਚ ਖ਼ੁਲਾਸਾ
ਨਿਊਯਾਰਕ/ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਵਾਲ ਸਟਰੀਟ ਜਰਨਲ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਮੁੜ ਅਮਰੀਕੀ ਜਾਂਚ ਦੇ ਘੇਰੇ ਹੇਠ ਆ ਗਈਆਂ ਹਨ। ਇਸ ਵਾਰ ਅਡਾਨੀ ਗਰੁੱਪ ’ਤੇ ਆਪਣੀ ਮੁੰਦੜਾ ਬੰਦਰਗਾਹ ਰਾਹੀਂ ਇਰਾਨ ਤੋਂ ਐੱਲਪੀਜੀ ਲਿਆਉਣ ਦਾ ਦੋਸ਼ ਲੱਗਾ ਹੈ। ਉਂਝ ਅਡਾਨੀ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਕਿਸੇ ਵੀ ਬੰਦਰਗਾਹ ’ਤੇ ਇਰਾਨ ਤੋਂ ਕੋਈ ਐੱਲਪੀਜੀ ਨਹੀਂ ਲਿਆਂਦੀ ਹੈ। ਗਰੁੱਪ ਦੇ ਤਰਜਮਾਨ ਨੇ ਇਕ ਬਿਆਨ ’ਚ ਇਹ ਵੀ ਆਖਿਆ ਹੈ ਕਿ ਉਸ ਦੀ ਆਪਣੀ ਕਿਸੇ ਵੀ ਬੰਦਰਗਾਹ ’ਤੇ ਇਰਾਨ ਜਾਂ ਇਰਾਨ ਦੀ ਮਾਲਕੀ ਵਾਲੇ ਕਿਸੇ ਜਹਾਜ਼ ਤੋਂ ਕੋਈ ਸਾਮਾਨ ਨਹੀਂ ਆਉਂਦਾ ਹੈ। ਇਸ ਦੇ ਨਾਲ ਹੀ ਗਰੁੱਪ ਨੇ ਕਿਹਾ ਉਸ ਨੇ ਇਰਾਨ ’ਤੇ ਲਾਈਆਂ ਗਈਆਂ ਪਾਬੰਦੀਆਂ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ। ਤਰਜਮਾਨ ਨੇ ਕਿਹਾ, ‘‘ਅਸੀਂ ਇਸ ਮੁੱਦੇ ’ਤੇ ਅਮਰੀਕੀ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਜਾਂਚ ਤੋਂ ਜਾਣੂ ਨਹੀਂ ਹਾਂ।’’
‘ਵਾਲ ਸਟਰੀਟ ਜਰਨਲ’ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮੁੰਦੜਾ ਅਤੇ ਫਾਰਸ ਦੀ ਖਾੜੀ ਰਾਹੀਂ ਆਉਣ ਵਾਲੇ ਟੈਂਕਰਾਂ ’ਚ ਕੁਝ ਸ਼ੱਕੀ ਗਤੀਵਿਧੀਆਂ ਸਾਹਮਣੇ ਆਈਆਂ ਹਨ, ਜੋ ਮਾਹਿਰਾਂ ਮੁਤਾਬਕ ਪਾਬੰਦੀਆਂ ਤੋਂ ਬਚਣ ਵਾਲੇ ਜਹਾਜ਼ਾਂ ’ਚ ਆਮ ਦਿਖਾਈ ਦਿੰਦੀਆਂ ਹਨ। ਵਾਲ ਸਟਰੀਟ ਜਰਨਲ ਨੇ ਰਿਪੋਰਟ ’ਚ ਕਿਹਾ ਸੀ ਕਿ ਅਮਰੀਕੀ ਜਾਂਚਕਾਰ ਇਸ ਗੱਲ ਦੀ ਤਹਿਕੀਕਾਤ ਕਰ ਰਹੇ ਹਨ ਕਿ ਕੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਗੁਜਰਾਤ ਸਥਿਤ ਆਪਣੀ ਮੁੰਦੜਾ ਬੰਦਰਗਾਹ ਰਾਹੀਂ ਭਾਰਤ ’ਚ ਇਰਾਨੀ ਐੱਲਪੀਜੀ ਦੀ ਦਰਾਮਦ ਕੀਤੀ ਹੈ।
ਅਡਾਨੀ ਗਰੁੱਪ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੀ ਕਿਸੇ ਵੀ ਕੰਪਨੀ ਅਤੇ ਇਰਾਨੀ ਐੱਲਪੀਜੀ ਵਿਚਾਲੇ ਸਬੰਧਾਂ ਦੀਆਂ ਰਿਪੋਰਟਾਂ ‘ਆਧਾਰਹੀਣ ਅਤੇ ਸ਼ਰਾਰਤੀ’ ਹਨ। ਗਰੁੱਪ ਨੇ ਦੱਸਿਆ, ‘‘ਅਡਾਨੀ ਗਰੁੱਪ ਆਪਣੀ ਕਿਸੇ ਵੀ ਬੰਦਰਗਾਹ ’ਤੇ ਇਰਾਨ ਤੋਂ ਆਉਣ ਵਾਲੇ ਕਿਸੇ ਵੀ ਮਾਲ ਦੀ ਸਾਂਭ-ਸੰਭਾਲ ਨਹੀਂ ਕਰਦਾ ਹੈ। ਇਸ ’ਚ ਇਰਾਨ ਤੋਂ ਆਉਣ ਵਾਲੀ ਕੋਈ ਵੀ ਖੇਪ ਜਾਂ ਇਰਾਨੀ ਝੰਡੇ ਹੇਠਾਂ ਚੱਲਣ ਵਾਲੇ ਜਹਾਜ਼ ਵੀ ਸ਼ਾਮਲ ਹਨ।’’ ਜ਼ਿਕਰਯੋਗ ਹੈ ਕਿ ਤਹਿਰਾਨ ਦੇ ਸ਼ੱਕੀ ਪਰਮਾਣੂ ਪ੍ਰੋਗਰਾਮ ਕਾਰਨ ਇਰਾਨੀ ਤੇਲ ਜਾਂ ਉਤਪਾਦਾਂ ਦੀ ਖ਼ਰੀਦ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਤੋਂ ਪਹਿਲਾਂ ਅਡਾਨੀ ਅਤੇ ਉਸ ਦੇ ਭਤੀਜੇ ਸਾਗਰ ਅਡਾਨੀ ’ਤੇ ਪਾਵਰ ਸਪਲਾਈ ਦੇ ਠੇਕੇ ਲੈਣ ਲਈ ਰਿਸ਼ਵਤ ਦੇਣ ਦੇ ਕਥਿਤ ਦੋਸ਼ ਲੱਗੇ ਸਨ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਅਮਰੀਕੀ ਨਿਵੇਸ਼ਕਾਂ ਨੂੰ ਗੁਮਰਾਹ ਕੀਤਾ ਹੈ।
ਓਮਾਨ ਬੰਦਰਗਾਹ ਤੋਂ ਤੀਜੀ ਧਿਰ ਰਾਹੀਂ ਖੇਪ ਆਉਣ ਦਾ ਦਾਅਵਾ
ਅਡਾਨੀ ਗਰੁੱਪ ਨੇ ਕਿਹਾ ਕਿ ਵਾਲ ਸਟਰੀਟ ਜਰਨਲ ਨੇ ਜਿਹੜੀ ਖੇਪ ਦਾ ਹਵਾਲਾ ਦਿੱਤਾ ਹੈ, ਉਹ ਤੀਜੀ ਧਿਰ ਰਾਹੀਂ ਨਿਯਮਤ ਵਣਜ ਲੈਣ-ਦੇਣ ਵਜੋਂ ਆਈ ਸੀ ਅਤੇ ਸੋਹਾਰ, ਓਮਾਨ ਬੰਦਰਗਾਹ ਤੋਂ ਭੇਜੀ ਗਈ ਸੀ। ਅਡਾਨੀ ਗਰੁੱਪ ਨੇ ਕਿਹਾ ਕਿ ਉਸ ਦਾ ਪੂਰਾ ਐੱਲਪੀਜੀ ਕਾਰੋਬਾਰ, ਜੋ ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਕੁੱਲ ਮਾਲੀਏ ਦਾ 1.46 ਫ਼ੀਸਦ ਹੈ, ਘਰੇਲੂ ਅਤੇ ਕੌਮਾਂਤਰੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ। ਇਸ ’ਚ ਅਮਰੀਕੀ ਪਾਬੰਦੀਆਂ ਦੇ ਨੇਮ ਵੀ ਸ਼ਾਮਲ ਹਨ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)