ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ 2 ਦੀ ਮੌਤ

ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ 2 ਦੀ ਮੌਤ
ਵੈਨਕੂਵਰ-ਤਿੰਨ ਦਿਨਾਂ ਤੋਂ ਮੈਨੀਟੋਬਾ ਸੂਬੇ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਚਾਅ ਦਲ ਨੇ ਇਕ ਘਰ ਦੇ ਮਲਬੇ ਚੋਂ ਮਰਦ ਤੇ ਔਰਤ ਦੀਆਂ ਸੜੀਆਂ ਹੋਈਆਂ ਲਾਸ਼ਾਂ ਕੱਢੀਆਂ ਹਨ। ਪੁਲੀਸ ਸੁਪਰਡੈਂਟ ਕਰਿਸ ਹੇਸਟੀ ਨੇ ਦੋਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਅੱਗ ਦੀ ਕੁਦਰਤੀ ਪ੍ਰਕੋਪ ਕਾਰਨ ਬੀਤੇ ਦਿਨ ਸ਼ਾਮ ਤੱਕ ਉਸ ਘਰ ਤੱਕ ਬਚਾਅ ਦਲ ਆਪਣੀ ਪਹੁੰਚ ਨਹੀਂ ਸੀ ਬਣਾ ਸਕਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਹਿਚਾਣ ਕਰਨ ਵਿੱਚ ਸਮਾਂ ਲੱਗ ਸਕਦਾ ਹੈ।
ਇੱਥੋ ਦੇ ਰਿਹਾਇਸ਼ੀ ਲੋਕਾਂ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਆਪਣਾ ਡਰ ਜ਼ਾਹਿਰ ਕਰਦਿਆਂ ਕਿਹਾ ਕਿ ਗਰਮੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਿਆਨਕ ਅੱਗਾਂ ਲੱਗ ਰਹੀਆਂ ਹਨ, ਜਿਸ ਵਿਚ ਗਰਮੀ ਵਧਣ ਦੇ ਨਾਲ ਨਾਲ ਹੋਰ ਵੀ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਦੀ ਰੋਕਥਾਮ ਦੇ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ। ਕੁਝ ਦਿਨ ਪਹਿਲਾਂ ਇਸੇ ਜੰਗਲ ਦੀ ਅੱਗ ਬੁਝਾਉਣ ਦਾ ਯਤਨ ਕਰਦਿਆਂ ਅੱਗ ਬੁਝਾਊ ਦਸਤਾ ਖ਼ੁਦ ਲਪੇਟ ਵਿਚ ਆ ਗਿਆ ਸੀ ਅਤੇ ਉਨ੍ਹਾਂ ਦੇ ਵਾਹਨ ਵੀ ਨੁਕਸਾਨਿਆ ਗਿਆ ਸੀ।