ਮਜੀਠਾ ਜ਼ਹਿਰੀਲੀ ਸ਼ਰਾਬ ਦੁਖਾਂਤ: ਪੁਲੀਸ ਵੱਲੋਂ ਦਿੱਲੀ ਦੇ ਦੋ ਵਪਾਰੀ ਕਾਬੂ

ਮਜੀਠਾ ਜ਼ਹਿਰੀਲੀ ਸ਼ਰਾਬ ਦੁਖਾਂਤ: ਪੁਲੀਸ ਵੱਲੋਂ ਦਿੱਲੀ ਦੇ ਦੋ ਵਪਾਰੀ ਕਾਬੂ
ਅੰਮ੍ਰਿਤਸਰ-ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਸਬੰਧ ਵਿੱਚ ਦਿੱਲੀ ਦੇ ਦੋ ਹੋਰ ਵਪਾਰੀ ਕਾਬੂ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਵਪਾਰੀਆਂ ਨੇ ਪਟਿਆਲਾ ਵਿਚੋਂ ਜ਼ਬਤ ਕੀਤੇ ਗਏ ਮੀਥੇਨੌਲ ਦੀ ਸਪਲਾਈ ਕੀਤੀ ਸੀ। ਪੁਲੀਸ ਨੇ ਕਰੀਬ 600 ਲਿਟਰ ਮੀਥੇਨੌਲ ਬਰਾਮਦ ਕੀਤਾ ਸੀ। ਪੁਲੀਸ ਨੇ ਕੱਲ੍ਹ ਤੱਕ ਇਸ ਮਾਮਲੇ 11 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇੱਥੇ ਹਸਪਤਾਲ ਵਿੱਚ ਦਾਖਲ 10 ਹੋਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਣ ਯੋਗ ਹੈ ਕਿ ਮਜੀਠਾ ਸਬ ਡਿਵੀਜ਼ਨ ਦੇ ਪੰਜ ਪਿੰਡਾਂ ਵਿੱਚ ਮੰਗਲਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 21 ਵਿਅਕਤੀ, ਜੋ ਸਾਰੇ ਗਰੀਬ ਮਜ਼ਦੂਰ ਆਦਿ ਸਨ, ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਮਰੜੀ ਕਲਾਂ, ਭੰਗਾਲੀ ਕਲਾਂ, ਥਰੀਏਵਾਲ, ਪਤਾਲਪੁਰੀ ਅਤੇ ਤਲਵੰਡੀ ਖੁੰਮਣ ਪਿੰਡ ਸ਼ਾਮਲ ਹਨ। ਪੁਲੀਸ ਨੇ ਸ਼ੱਕੀਆਂ ਖ਼ਿਲਾਫ਼ ਕਤਲ, ਇਰਾਦਾ ਕਤਲ ਅਤੇ ਆਬਕਾਰੀ ਐਕਟ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।