ਰਿਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਸੂਬੇ ਦਾ ਹੱਕ: ਗਿਆਨੀ ਗੜਗੱਜ

ਰਿਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਸੂਬੇ ਦਾ ਹੱਕ: ਗਿਆਨੀ ਗੜਗੱਜ

ਰਿਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਸੂਬੇ ਦਾ ਹੱਕ: ਗਿਆਨੀ ਗੜਗੱਜ
ਅੰਮ੍ਰਿਤਸਰ-ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਚੱਲ ਰਹੇ ਵਿਵਾਦ ਬਾਰੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਰਿਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਸੂਬੇ ਦਾ ਹੱਕ ਹੈ ਅਤੇ ਇਸ ਮਾਮਲੇ ਵਿੱਚ ਸਰਕਾਰਾਂ ਵੱਲੋਂ ਪੰਜਾਬ ਨਾਲ ਧੱਕਾ ਨਹੀਂ ਕੀਤਾ ਜਾਣਾ ਚਾਹੀਦਾ।
ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਫਿਲਮਾਂ ਵਿੱਚ ਸਿੱਖ ਕਿਰਦਾਰ ਅਤੇ ਸਿੱਖ ਇਤਿਹਾਸ ਨੂੰ ਦਰਸਾਉਣ ਸਬੰਧੀ ਵਿਦਵਾਨਾਂ ਦੀ ਰੱਖੀ ਗਈ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੀਣ ਵਾਲੇ ਪਾਣੀ ਦਾ ਮਾਮਲਾ ਨਹੀਂ ਹੈ। ਜੇ ਪੀਣ ਵਾਲੇ ਪਾਣੀ ਦਾ ਮਾਮਲਾ ਹੈ ਤਾਂ ਪਹਿਲਾਂ ਹੀ ਵਾਧੂ ਪਾਣੀ ਜਾ ਰਿਹਾ ਹੈ ਜੋ ਕਿ ਦੇਸ਼ ਦੀ ਲੋੜ ਨੂੰ ਪੂਰਾ ਕਰ ਸਕਦਾ।
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਕੋਲੋਂ ਪਾਣੀ ਲੈ ਕੇ ਪੰਜਾਬ ਨੂੰ ਬੰਜਰ ਕਰ ਦਿੱਤਾ ਜਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਿਪੇਰੀਅਨ ਕਾਨੂੰਨ ਦੇ ਮੁਤਾਬਿਕ ਹੱਲ ਹੋਣਾ ਚਾਹੀਦਾ ਹੈ ਅਤੇ ਰਿਪੇਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਸ ਸੂਬੇ ਵਿੱਚ ਦਰਿਆ ਵਗਦੇ ਹਨ ਪਾਣੀ ’ਤੇ ਹੱਕ ਉਸੇ ਸੂਬੇ ਦਾ ਹੈ ਕਿਉਂਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਉਸ ਵੇਲੇ ਵੀ ਪੰਜਾਬ ਹੀ ਪ੍ਰਭਾਵਿਤ ਹੁੰਦਾ ਹੈ।
ਕੁਝ ਲੋਕਾਂ ਵੱਲੋਂ ਇਸ ਨੂੰ ਧਰਮ ਨਾਲ ਜੋੜੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਧਰਮ ਦਾ ਮਸਲਾ ਨਹੀਂ ਹੈ ਸਗੋਂ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਜੇ ਪੰਜਾਬ ਬੰਜਰ ਹੁੰਦਾ ਹੈ ਤਾਂ ਸਾਰੇ ਧਰਮਾਂ ਦੇ ਲੋਕ ਹੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਦੁਹਾਈ ਦੇ ਰਿਹਾ ਹੈ ਕਿ ਸੂਬੇ ਕੋਲ ਵਾਧੂ ਪਾਣੀ ਨਹੀਂ ਹੈ। ਇਸ ਲਈ ਪੰਜਾਬ ਨਾਲ ਧੱਕਾ ਨਾ ਕੀਤਾ ਜਾਵੇ।
ਸਰਹੱਦ ’ਤੇ ਬਣੇ ਤਣਾਅ ਵਾਲੇ ਮਾਹੌਲ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਜੰਗ ਨਾਲ ਮਨੁੱਖਤਾ, ਇਨਸਾਨੀਅਤ ਅਤੇ ਖਿਤੇ ਦੇ ਜੀਵ ਜੰਤੂ ਸਭ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਮਸਲਿਆਂ ਦਾ ਹੱਲ ਸੰਵਾਦ ਰਾਹੀਂ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਸਰਹੱਦ ’ਤੇ ਬਣੀ ਸਥਿਤੀ ਅਜਿਹੀ ਹੈ ਕਿ ਮਾਵਾਂ ਬੱਚਿਆਂ ਤੋਂ ਵਿਛੜ ਰਹੀਆਂ ਹਨ ਅਤੇ ਬੱਚੇ ਮਾਵਾਂ ਤੋਂ ਵਿਛੜ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਨੂੰ ਕੀ ਪਤਾ ਜੰਗ ਕੀ ਹੁੰਦੀ ਹੈ, ਬੱਚੇ ਨੂੰ ਤਾਂ ਸਿਰਫ ਮਾਂ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਲਾਜ ਕਰਵਾਉਣਾ ਆਏ ਲੋਕ ਵੀ ਇਲਾਜ ਅਧੂਰਾ ਛੱਡ ਕੇ ਵਾਪਸ ਪਰਤਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਹੱਦ ’ਤੇ ਆ-ਜਾ ਰਹੇ ਲੋਕਾਂ ਨੂੰ ਜੇ ਲੰਗਰ ਅਤੇ ਰਿਹਾਇਸ਼ ਜਾਂ ਹੋਰ ਕੋਈ ਲੋੜ ਹੋਵੇਗੀ ਤਾਂ ਸ਼੍ਰੋਮਣੀ ਕਮੇਟੀ ਇਸ ਲੋੜ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਆਦਿ ਭੇਜਿਆ ਜਾ ਰਿਹਾ ਹੈ।
ਫਿਲਮਾਂ ਦੇ ਮਾਮਲਿਆਂ ਸਬੰਧੀ ਸੱਦੀ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਅੱਜ ਸਿਰਫ ਵੱਖ-ਵੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਵਿਦਵਾਨਾਂ ਕੋਲੋਂ ਇਸ ਸਬੰਧੀ ਰਾਇ ਲਈ ਜਾਵੇਗੀ ਅਤੇ ਇਸ ਤੋਂ ਬਾਅਦ ਇਸ ਬਾਰੇ ਹੋਰ ਮੀਟਿੰਗ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੀ ਪਹਿਲਾਂ ਕਈ ਮਤੇ ਪਾਸ ਕਰ ਚੁੱਕੀ ਹੈ, ਜਿਸ ਨਾਲ ਉਹ ਸਹਿਮਤ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ, ਗੁਰੂ ਸਾਹਿਬ ਦੇ ਪਰਿਵਾਰ ਅਤੇ ਗੁਰੂ ਕਾਲ ਦੇ ਸ਼ਹੀਦਾਂ ਨੂੰ ਪਾਤਰਾਂ ਰਾਹੀਂ ਨਹੀਂ ਦਿਖਾਇਆ ਜਾਣਾ ਚਾਹੀਦਾ।

sant sagar