ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਜਥੇਦਾਰ ਗੜਗੱਜ

ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਜਥੇਦਾਰ ਗੜਗੱਜ

ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਜਥੇਦਾਰ ਗੜਗੱਜ
ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਸਬੰਧੀ ਬਣਦੀਆਂ ਫਿਲਮਾਂ ਬਾਰੇ ਜਲਦੀ ਹੀ ਗੁਰੂ ਸਿਧਾਂਤ, ਪੰਥਕ ਰਵਾਇਤਾਂ ਦੀ ਰੌਸ਼ਨੀ ਵਿੱਚ ਠੋਸ ਨੀਤੀ ਅਤੇ ਨਿਯਮ ਬਣਾਉਣ ਸਬੰਧੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਜ ਸ੍ਰੀ ਅਕਾਲ ਤਖਤ ਵਿਖੇ ਇਸ ਸਬੰਧ ਵਿੱਚ ਸਿੱਖ ਵਿਦਵਾਨਾਂ, ਸੰਪਰਦਾਵਾਂ, ਸਭਾ ਸੁਸਾਇਟੀਆਂ ਆਦਿ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਹੈ। ਕਾਰਜਕਾਰੀ ਜਥੇਦਾਰ ਨੇ ਸਾਫ਼ ਕਰ ਦਿੱਤਾ ਕਿ ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਫਿਲਮ ਬਣਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।
ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਪ੍ਰਾਪਤ ਹੋਏ ਸੁਝਾਵਾਂ ’ਤੇ ਮੰਥਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਕਮੇਟੀ ਬਣਾ ਕੇ ਪੁੱਜੇ ਸੁਝਾਵਾਂ ਅਤੇ ਹੋਰ ਪਹਿਲੂਆਂ ’ਤੇ ਵਿਚਾਰ ਕਰਕੇ ਇਸ ਸਬੰਧੀ ਇੱਕ ਖਰੜਾ ਤਿਆਰ ਕੀਤਾ ਜਾਵੇਗਾ। ਮਗਰੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਸ ਸਬੰਧੀ ਇੱਕ ਠੋਸ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਵਿੱਖ ਵਿੱਚ ਵੀ ਵਿਚਾਰਾਂ ਦਾ ਸਿਲਸਿਲਾ ਜਾਰੀ ਰਹੇਗਾ, ਜਿਸ ਤਹਿਤ ਗੁਰੂ ਸਿਧਾਂਤ, ਪੰਥਕ ਰਵਾਇਤਾਂ ਦੀ ਰੋਸ਼ਨੀ ਵਿੱਚ ਠੋਸ ਨੀਤੀ ਅਤੇ ਨਿਯਮ ਬਣਾਉਣ ਦੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਫਿਲਮਾਂ ਸਬੰਧੀ ਆਧੁਨਿਕ ਤਕਨਾਲੋਜੀ ਅਤੇ ਏਆਈ ਦੀ ਵਰਤੋਂ ਨਾਲ ਸਬੰਧਤ ਵਿਸ਼ਿਆਂ ਨੂੰ ਵਿਚਾਰਨ ਲਈ ਜਲਦੀ ਹੀ ਸਿੱਖ ਮਾਹਿਰਾਂ ਦੀ ਬੈਠਕ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬੌਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਨੇ ਸਿੱਖ ਜਰਨੈਲ ਹਰੀ ਸਿੰਘ ਨਲੂਆ ਸਬੰਧੀ ਫਿਲਮ ਬਣਾਉਣ ਦੀ ਗੱਲ ਕੀਤੀ ਸੀ, ਜਿਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੀ ਸਿੰਘ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਹਨ, ਜੋ ਜਮਰੌਦ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਸਿੱਖ ਸ਼ਹੀਦਾਂ ਉੱਤੇ ਫਿਲਮ ਬਣਾਉਣ ’ਤੇ ਪਹਿਲਾਂ ਹੀ ਰੋਕ ਲੱਗੀ ਹੋਈ ਹੈ। ਇਸ ਲਈ ਵਪਾਰਕ ਹਿਤਾਂ ਦਾ ਮਨੋਰਥ ਪੂਰਾ ਕਰਨ ਲਈ ਸਿੱਖ ਕੌਮ ਆਪਣੇ ਨਾਇਕਾਂ ਤੇ ਸ਼ਹੀਦਾਂ ਬਾਰੇ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਬਣਨ ਦੇਵੇਗੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਲਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸ੍ਰੀ ਅਕਾਲ ਤਖਤ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 1934, 1940, 2003, 2015 ਅਤੇ 2022 ਵਿੱਚ ਫਿਲਮਾਂ ਬਾਰੇ ਲਏ ਗਏ ਫੈਸਲਿਆਂ ਦੀ ਪ੍ਰੋੜਤਾ ਕੀਤੀ ਗਈ ਅਤੇ ਇਨ੍ਹਾਂ ਦੀ ਰੋਸ਼ਨੀ ਵਿੱਚ ਹੀ ਹੋਰ ਨਿਯਮ ਬਣਾਉਣ ਦੀ ਗੱਲ ਕੀਤੀ ਗਈ।

ad