ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕਰਨਾਟਕ ਦਾ ਯੋਗ ਗੁਰੂ ਗ੍ਰਿਫ਼ਤਾਰ

ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕਰਨਾਟਕ ਦਾ ਯੋਗ ਗੁਰੂ ਗ੍ਰਿਫ਼ਤਾਰ

ਪਿਛਲੇ ਜਨਮ ਦਾ ਰਿਸ਼ਤਾ ਦੱਸਦਿਆਂ ਪੀੜਤਾ ਨੂੰ ਵਰਗਲਾ ਕੇ 2021 ਤੇ 2022 ਦੌਰਾਨ ਕੀਤਾ ਜਿਨਸੀ ਸ਼ੋਸ਼ਣ

ਚਿਕਮੰਗਲੂਰੂ,(ਇੰਡੋ ਕਨੇਡੀਅਨ ਟਾਇਮਜ਼)- ਪੁਲੀਸ ਨੇ ਇਥੇ ਬੁੱਧਵਾਰ ਨੂੰ ਇਕ ਯੋਗ ਗੁਰੂ ਨੂੰ ਇਕ ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਇਸ ਜ਼ਿਲ੍ਹੇ ਦੇ ਮੱਲੇਨਾਹੱਲੀ ਵਿਚ ਸਥਿਤ ਕੇਵਲਾ ਫਾਊਂਡੇਸ਼ਨ ਦੇ ਪ੍ਰਦੀਪ ਉੱਲਾਲ (54) ਵਜੋਂ ਹੋਈ ਹੈ।

ਪੁਲੀਸ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦਾ ਪੀੜਤਾ ਨਾਲ ਪਿਛਲੇ ਜਨਮ ਦਾ ਰਿਸ਼ਤਾ ਹੈ। ਪੀੜਤ ਔਰਤ ਪੰਜਾਬ ਨਾਲ ਸਬੰਧਤ ਹੈ ਅਤੇ ਇਸ ਵੇਲੇ ਅਮਰੀਕਾ ਦੇ ਕੈਲੀਫੋਰਨੀਆ ਦੀ ਵਸਨੀਕ ਹੈ।

ਪੀੜਤਾ ਨੇ ਦੋਸ਼ ਲਾਇਆ ਕਿ ਉਹ 2021 ਤੇ 2022 ਦੌਰਾਨ ਤਿੰਨ ਵਾਰ ਯੋਗ ਗੁਰੂ ਦੇ ਆਸ਼ਰਮ ਗਈ, ਜਿਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਯੋਗ ਗੁਰੂ ਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਅਤੇ ਕਿਹਾ ਕਿ ਉਨ੍ਹਾਂ ਦਾ ਪਿਛਲੇ ਜਨਮ ਦਾ ਰਿਸ਼ਤਾ ਹੈ। ਮੁਲਜ਼ਮ ਨੇ ਉਸ ਨਾਲ ਅਧਿਆਤਮਕ ਗੱਲਾਂ ਕੀਤੀਆਂ।

ਪੀੜਤਾ 2021 ਵਿਚ ਕੈਲੀਫੋਰਨੀਆ ਪਰਤਣ ਪਿੱਛੋਂ 2 ਫਰਵਰੀ, 2022 ਨੂੰ ਦਸ ਦਿਨਾਂ ਲਈ ਯੋਗ ਗੁਰੂ ਦੇ ਆਸ਼ਰਮ ਆਈ। ਇਸ ਦੌਰਾਨ ਉਸ ਨਾਲ ਪੰਜ-ਛੇ ਵਾਰ ਸਬੰਧ ਬਣਾਏ ਗਏ।

ਉਹ ਉਸੇ ਸਾਲ ਜੁਲਾਈ ਵਿਚ ਫਿਰ 21 ਦਿਨਾਂ ਲਈ ਆਸ਼ਰਮ ਆਈ। ਇਸ ਦੌਰਾਨ ਵੀ ਉਸ ਨਾਲ ਜਬਰ ਜਨਾਹ ਕੀਤਾ ਗਿਆ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਸ਼ਿਕਾਇਤ ਮੁਤਾਬਕ ਇਸ ’ਤੇ ਮੁਲਜ਼ਮ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ।   

sant sagar