‘ਅੰਗਰੇਜ਼ੀ ਮੀਡੀਅਮ’ ਨੇ ਮੇਰੀ ਸ਼ਖ਼ਸੀਅਤ ’ਤੇ ਛਾਪ ਛੱਡੀ: ਹੋਮੀ

‘ਅੰਗਰੇਜ਼ੀ ਮੀਡੀਅਮ’ ਨੇ ਮੇਰੀ ਸ਼ਖ਼ਸੀਅਤ ’ਤੇ ਛਾਪ ਛੱਡੀ: ਹੋਮੀ

ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਵਿੱਚ ਅਦਾਕਾਰ ਇਰਫਾਨ ਖਾਨ ਨਾਲ ਕੰਮ ਕਰਨ ਤੋਂ ਬਾਅਦ ਡਾਇਰੈਕਟਰ ਹੋਮੀ ਅਦਾਜਾਨੀਆ ਦੀ ਸ਼ਖ਼ਸੀਅਤ ’ਚ ਬਦਲਾਅ ਆਇਆ ਹੈ, ਕਿਉਂਕਿ ਫ਼ਿਲਮ ਦੌਰਾਨ ਅਦਾਕਾਰ ਨਾਲ ਬਿਤਾਏ ਸਮੇਂ ਨੇ ਉਨ੍ਹਾਂ ਨੂੰ ਜ਼ਿੰਦਗੀ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ। ਇਰਫਾਨ ਖਾਨ ਨੂੰ ਸਾਲ 2018 ਵਿੱਚ ਨਿਊਰੋਡੌਕਟ੍ਰਿਨ ਕੈਂਸਰ ਹੋ ਗਿਆ ਸੀ। ਉਹ ਯੂਕੇ ਵਿੱਚ ਇਲਾਜ ਕਰਵਾਉਣ ਦੌਰਾਨ ਕਾਫ਼ੀ ਸਮੇਂ ਪਰਦੇ ਤੋਂ ਦੂਰ ਰਹੇ। ਪਿਛਲੇ ਵਰ੍ਹੇ ਅਪਰੈਲ ਵਿੱਚ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਰਾਹੀਂ ਉਨ੍ਹਾਂ ਮੁੜ ਕੰਮ ਦੀ ਸ਼ੁਰੂਆਤ ਕੀਤੀ ਸੀ। ਪੀਟੀਆਈ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਹੋਮੀ ਨੇ ਕਿਹਾ,‘ਅੰਗਰੇਜ਼ੀ ਮੀਡੀਅਮ’ ਨੇ ਮੇਰੇ ਵਿਅਕਤੀਤਵ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨੇ ਮੈਨੂੰ ਚੰਗਾ ਇਨਸਾਨ ਬਣਾਇਆ। ਮੈਂ ਹੁਣ ਸ਼ਾਇਦ ਹੋਰ ਜ਼ਿਆਦਾ ਫ਼ਿਲਮਾਂ ਬਣਾਵਾਂ ਕਿਉਂਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਫ਼ਿਲਮਾਂ ਬਣਾਉਣ ਦਾ ਆਸਾਨ ਢੰਗ ਵੀ ਹੈ।
ਇੱਕ ਫ਼ਿਲਮ ਬਣਾਉਣ ਸਮੇਂ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਜ਼ਿੰਦਗੀ ਦੇ ਇੱਕ ਸਬਕ ਵਜੋਂ ਮੈਂ ਇਹ ਗੱਲ ਸਮਝ ਲਈ ਹੈ ਕਿ ਅਸੀਂ ਕਿੰਜ ਚੀਜ਼ਾਂ ਨੂੰ ਔਖਾ ਬਣਾ ਲੈਂਦੇ ਹਾਂ ਤੇ ਫਿਰ ਝੂਰਦੇ ਰਹਿੰਦੇ ਹਾਂ।’ ਫ਼ਿਲਮ ‘ਬੀਂਗ ਸਾਈਰਸ’, ‘ਕਾਕਟੇਲ’ ਅਤੇ ‘ਫਾਈਡਿੰਗ ਫੈਨੀ’ ਲਈ ਮਕਬੂਲ ਹੋਏ ਨਿਰਦੇਸ਼ਕ ਹੋਮੀ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਹੋਈ ਇੰਨੀ ਵੱਡੀ ਤਬਦੀਲੀ ਲਈ ਇਰਫਾਨ ਖਾਨ ਦੀ ਅਹਿਮ ਭੂਮਿਕਾ ਹੈ।

ad