ਕੈਨੇਡਾ: ਨਿੱਝਰ ਹੱਤਿਆ ਮਾਮਲੇ ਦੇ ਮਸ਼ਕੂਕ ਅਦਾਲਤ ’ਚ ਪੇਸ਼

ਕੈਨੇਡਾ: ਨਿੱਝਰ ਹੱਤਿਆ ਮਾਮਲੇ ਦੇ ਮਸ਼ਕੂਕ ਅਦਾਲਤ ’ਚ ਪੇਸ਼

ਕੈਨੇਡਾ: ਨਿੱਝਰ ਹੱਤਿਆ ਮਾਮਲੇ ਦੇ ਮਸ਼ਕੂਕ ਅਦਾਲਤ ’ਚ ਪੇਸ਼
ਵੈਨਕੂਵਰ-ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਭਾਰਤੀ ਨਾਗਰਿਕਾਂ ਨੂੰ ਅੱਜ ਸਰੀ ਦੀ ਬ੍ਰਿਟਿਸ਼ ਕੋਲੰਬੀਆ ਅਦਾਲਤ ਵਿਚ ਪੇਸ਼ ਕੀਤਾ ਗਿਆ। ਤਿੰਨ ਮਸ਼ਕੂਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਏ ਜਦੋਂਕਿ ਚੌਥੇ ਮਸ਼ਕੂਕ ਅਮਨਦੀਪ, ਜੋ ਓਂਟਾਰੀਓ ਪੁਲੀਸ ਦੀ ਹਿਰਾਸਤ ਵਿਚ ਹੈ, ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਮਸ਼ਕੂਕਾਂ ਦੀ ਪਿਛਲੀ ਪੇਸ਼ੀ ਵਾਂਗ ਇਸ ਵਾਰ ਵੀ ਅਦਾਲਤ ਦੇ ਬਾਹਰ ਰੋਸ ਮੁਜ਼ਾਹਰੇ ਲਈ ਨਿੱਝਰ ਦੇ ਵੱਡੀ ਗਿਣਤੀ ਸਮਰਥਕ ਮੌਜੂਦ ਸਨ, ਜਿਨ੍ਹਾਂ ਦੇ ਹੱਥਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਤੇ ਬੈਨਰ ਸਨ। ਉਂਜ ਇਹਤਿਆਤ ਵਜੋਂ ਪੇਸ਼ੀ ਤੋਂ ਪਹਿਲਾਂ ਅਦਾਲਤ ਵਿਚ ਮੌਜੂਦ ਲੋਕਾਂ ਦੀ ਤਲਾਸ਼ੀ ਲਈ ਗਈ। ਕਰਨ ਬਰਾੜ, ਕਰਮਪ੍ਰੀਤ ਤੇ ਕਮਲਪ੍ਰੀਤ ਨੂੰ ਸਖਤ ਸੁਰੱਖਿਆ ਪ੍ਰਬੰਧ ਹੇਠ ਜੱਜ ਮੂਹਰੇ ਇਕੱਲੇ ਇਕੱਲੇ ਤਿੰਨ ਕਟਹਿਰਿਆਂ ਵਿਚ ਖੜ੍ਹਾਇਆ ਗਿਆ। ਹਾਈ ਪ੍ਰੋਫਾਈਲ ਕੇਸ ਹੋਣ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਮਾਣਯੋਗ ਜੱਜ, ਅਦਾਲਤੀ ਸਟਾਫ, ਮੁਲਜ਼ਮਾਂ, ਵਕੀਲਾਂ ਅਤੇ ਆਮ ਲੋਕਾਂ ਵਿਚਾਲੇ ਸ਼ੀਸ਼ੇ ਦੀ ਕੰਧ ਬਣਾ ਕੇ ਕਿਸੇ ਵਲੋਂ ਸ਼ਰਾਰਤ ਕੀਤੇ ਜਾਣ ਦੀ ਸੰਭਾਵਨਾ ਘਟਾਈ ਗਈ ਸੀ। ਕਿਸੇ ਕਿਸਮ ਦੀ ਰਿਕਾਰਡਿੰਗ ਜਾਂ ਫੋਟੋ ਲੈਣ ਦੀ ਪਾਬੰਦੀ ਵਜੋਂ ਆਮ ਲੋਕਾਂ ਦੇ ਫੋਨ ਅਦਾਲਤ ਤੋਂ ਬਾਹਰ ਰਖਵਾ ਲਏ ਗਏ ਸਨ। ਸਰਕਾਰੀ ਵਕੀਲ ਵਲੋਂ ਸਬੂਤ ਦੇਣ ਲਈ ਹੋਰ ਸਮਾਂ ਮੰਗਣ ’ਤੇ ਅਦਾਲਤ ਨੇ ਅਗਲੀ ਪੇਸ਼ੀ 25 ਜੂਨ ਲਈ ਨਿਰਧਾਰਿਤ ਕਰ ਦਿੱਤੀ ਹੈ। ਤਿੰਨ ਮਸ਼ਕੂਕਾਂ ਲਈ ਸਥਾਨਕ ਵਕੀਲ ਪੇਸ਼ ਹੋਏ ਜਦੋਂਕਿ ਓਂਟਾਰੀਓ ਤੋਂ ਅਮਨਦੀਪ ਵਲੋਂ ਵਕੀਲ ਯੋਗੇਸ਼ ਗੁਪਤਾ ਵਰਚੁਅਲੀ ਪੇਸ਼ ਹੋਏ। ਪੂਰੀ ਅਦਾਲਤੀ ਕਾਰਵਾਈ 40 ਕੁ ਮਿੰਟ ’ਚ ਖਤਮ ਹੋ ਗਈ। ਨਿੱਝਰ ਹੱਤਿਆ ਮਾਮਲੇ ਦੀ ਤਫਤੀਸ਼ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਅਗਲੀ ਪੇਸ਼ੀ ਤੱਕ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਰ ਦੋਸ਼ੀ ਸਾਹਮਣੇ ਲਿਆਂਦੇ ਜਾ ਸਕਦੇ ਹਨ। ਉਧਰ ਬੀਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਕਿਹਾ ਕਿ ਵਿਦੇਸ਼ ਵੱਸਦੇ ਸਿੱਖਾਂ ਨੂੰ ਆਪਣੀਆਂ ਮੰਗਾਂ ਬਾਰੇ ਚੁੱਪ ਨਹੀਂ ਕਰਵਾਇਆ ਜਾ ਸਕਦਾ।

sant sagar