ਦਿਲ ਦਾ ਦੌਰਾ ਪੈਣ ਕਾਰਨ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦੇਹਾਂਤ

ਦਿਲ ਦਾ ਦੌਰਾ ਪੈਣ ਕਾਰਨ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦੇਹਾਂਤ

ਦਿਲ ਦਾ ਦੌਰਾ ਪੈਣ ਕਾਰਨ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦੇਹਾਂਤ
ਅੰਮ੍ਰਿਤਸਰ-ਖਾਲਿਸਤਾਨੀ ਆਗੂ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦਾ ਭਰਾ ਤੇ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ। ਇਸ ਦੀ ਪੁਸ਼ਟੀ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਕੀਤੀ ਗਈ ਹੈ। ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਮਿਲੇ ਵੇਰਵਿਆਂ ਮੁਤਾਬਕ ਭਾਈ ਲਖਬੀਰ ਸਿੰਘ ਰੋਡੇ (72) ਇਸ ਵੇਲੇ ਪਾਕਿਸਤਾਨ ਵਿੱਚ ਸੀ ਅਤੇ 2 ਦਸੰਬਰ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਜੋ ਉਸ ਲਈ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਦੇਹ ਦਾ ਸਸਕਾਰ ਵੀ ਪਾਕਿਸਤਾਨ ਵਿਚ ਕਰ ਦਿੱਤਾ ਗਿਆ ਹੈ। ਉਸ ਦੀ ਪਤਨੀ ਅਤੇ ਬੱਚੇ ਵਿਦੇਸ਼ ਵਿੱਚ ਹਨ। ਲਖਬੀਰ ਸਿੰਘ ਰੋਡੇ ਪੁਲੀਸ ਨੂੰ ਕਈ ਕੇਸਾਂ ਵਿੱਚ ਲੋੜੀਂਦਾ ਸੀ। ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਵੀ ਸੀ। ਉਸ ਨੂੰ ਕਨਿਸ਼ਕ ਬੰਬ ਕਾਂਡ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ। ਉਹ ਸ਼ੁਰੂ ਵਿੱਚ ਦੁਬਈ ਗਿਆ ਸੀ ਅਤੇ ਉਥੋਂ ਪਾਕਿਸਤਾਨ ਚਲਾ ਗਿਆ। ਜਦੋਂ ਕਿ ਉਸ ਦਾ ਪਰਿਵਾਰ ਕੈਨੇਡਾ ਵਿੱਚ ਹੈ। 2002 ਵਿੱਚ ਭਾਰਤ ਵੱਲੋਂ ਪਾਕਿਸਤਾਨ ਨੂੰ ਲੋੜੀਂਦੇ ਵਿਅਕਤੀਆਂ ਦੀ ਦਿੱਤੀ ਗਈ ਇੱਕ ਸੂਚੀ ਵਿੱਚ ਉਸ ਦਾ ਨਾਂ ਵੀ ਸ਼ਾਮਿਲ ਸੀ। ਇਸ ਦੀ ਪੁਸ਼ਟੀ ਕਰਦਿਆਂ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਪੁੱਤਰ ਨੇ ਕੈਨੇਡਾ ਤੋਂ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ 2 ਦਸੰਬਰ ਨੂੰ ਰੋਡੇ ਨੂੰ ਦਿਲ ਦਾ ਦੌਰਾ ਪਿਆ ਸੀ ਜੋ ਉਸ ਲਈ ਜਾਨਲੇਵਾ ਸਾਬਿਤ ਹੋਇਆ ਅਤੇ ਬਾਅਦ ਵਿੱਚ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਸ਼ੂਗਰ ਤੇ ਦਿਲ ਦੇ ਰੋਗ ਤੋਂ ਪੀੜਤ ਸੀ। ਉਸ ਦੀ ਬਾਈਪਾਸ ਸਰਜਰੀ ਵੀ ਹੋਈ ਸੀ। ਇੱਥੇ ਦੱਸਣਯੋਗ ਹੈ ਕਿ ਇਸੇ ਸਾਲ ਮਈ ਮਹੀਨੇ ਵਿਚ ਖਾਲਿਸਤਾਨ ਕਮਾਂਡੋ ਫੋਰਸ ਦੇ ਪਰਮਜੀਤ ਸਿੰਘ ਪੰਜਵੜ ਦੀ ਪਾਕਿਸਤਾਨ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ’ਚ ਲਖਬੀਰ ਸਿੰਘ ਰੋਡੇ ਦੇ ਭਰਾ ਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਦੱਸਿਆ ਕਿ ਮ੍ਰਿਤਕ ਨਮਿਤ 11 ਦਸੰਬਰ ਨੂੰ ਪਿੰਡ ਰੋਡੇ ਤੇ 13 ਦਸੰਬਰ ਨੂੰ ਅਕਾਲ ਤਖ਼ਤ ਵਿਖੇ ਅੰਤਿਮ ਅਰਦਾਸ ਹੋਵੇਗੀ। ਇਸ ਤੋਂ ਇਲਾਵਾ 16 ਦਸੰਬਰ ਨੂੰ ਪਿੰਡ ਰੋਡੇ ’ਚ ਸ਼ਰਧਾਂਜਲੀ ਸਮਾਗਮ ਹੋਵੇਗਾ। ਜਸਬੀਰ ਰੋਡੇ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਲਖਬੀਰ ਸਿੰਘ ਰੋਡੇ ਸਾਲ 1984 ਵਿਚ ਭਾਰਤ ਤੋਂ ਚਲੇ ਗਏ ਸਨ ਅਤੇ ਫਿਰ ਨਹੀਂ ਪਰਤੇ। ਉਹ ਦੋ ਚਚੇਰੇ ਭਰਾਵਾਂ ਸਮੇਤ ਦੁਬਈ ਵਿਚ ਰਹਿੰਦੇ ਰਹੇ। ਦੱਸਣਯੋਗ ਹੈ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਰੀਬ ਦੋ ਮਹੀਨੇ ਪਹਿਲਾਂ 11 ਅਕਤੂਬਰ ਨੂੰ ਰੋਡੇ ਦੀ ਮੋਗਾ ਜ਼ਿਲ੍ਹੇ ਵਿਚ ਪੈਂਦੀ ਤਕਰੀਬਨ 11 ਕਨਾਲ ਵਾਹੀਯੋਗ ਜ਼ਮੀਨ ਉੱਤੇ ਯੂਏਪੀਏ ਐਕਟ ਤਹਿਤ ਅਦਾਲਤ ਦੇ ਹੁਕਮਾਂ ਉੱਤੇ ਜ਼ਬਤੀ ਦਾ ਨੋਟਿਸ ਲਾਇਆ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਲਖਬੀਰ ਸਿੰਘ ਰੋਡੇ ਦਾ ਸਬੰਧ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫਰੰਟ ਨਾਲ ਹੈ ਅਤੇ ਉਹ ਪਾਕਿਸਤਾਨ ਵਿਚ ਲੁਕ ਕੇ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ।
 

sant sagar