ਇਜ਼ਰਾਈਲ ਵੱਲੋਂ ਗਾਜ਼ਾ, ਸੀਰੀਆ ਅਤੇ ਪੱਛਮੀ ਕੰਢੇ ’ਤੇ ਹਮਲੇ

ਇਜ਼ਰਾਈਲ ਵੱਲੋਂ ਗਾਜ਼ਾ, ਸੀਰੀਆ ਅਤੇ ਪੱਛਮੀ ਕੰਢੇ ’ਤੇ ਹਮਲੇ

ਇਜ਼ਰਾਈਲ ਵੱਲੋਂ ਗਾਜ਼ਾ, ਸੀਰੀਆ ਅਤੇ ਪੱਛਮੀ ਕੰਢੇ ’ਤੇ ਹਮਲੇ
ਰਾਫ਼ਾਹ-ਇਜ਼ਰਾਈਲ ਨੇ ਗਾਜ਼ਾ, ਸੀਰੀਆ ਦੇ ਦੋ ਹਵਾਈ ਅੱਡਿਆਂ ਅਤੇ ਪੱਛਮੀ ਕੰਢੇ ਦੀਆਂ ਦੋ ਮਸਜਿਦਾਂ ਨੂੰ ਨਿਸ਼ਾਨਾ ਬਣਾਉਂਦਿਆਂ ਜ਼ੋਰਦਾਰ ਹਮਲੇ ਕੀਤੇ। ਹਮਾਸ ਨਾਲ ਦੋ ਹਫ਼ਤੇ ਤੋਂ ਚੱਲ ਰਹੀ ਜੰਗ ਦਾ ਘੇਰਾ ਲਗਾਤਾਰ ਵਧਣ ਦਾ ਖ਼ਦਸ਼ਾ ਬਣਦਾ ਜਾ ਰਿਹਾ ਹੈ। ਜੰਗ ਸ਼ੁਰੂ ਹੋਣ ਮਗਰੋਂ ਇਜ਼ਰਾਈਲ ਨੇ ਲਬਿਨਾਨ ਦੇ ਦਹਿਸ਼ਤੀ ਗੁੱਟ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਤਕਰੀਬਨ ਰੋਜ਼ ਹੀ ਹਮਲੇ ਕੀਤੇ ਹਨ ਅਤੇ ਹੁਣ ਪੱਛਮੀ ਕੰਢੇ ’ਚ ਹਮਲਿਆਂ ਮਗਰੋਂ ਤਣਾਅ ਹੋਰ ਵੱਧ ਗਿਆ ਹੇ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਉੱਤਰੀ ਇਜ਼ਰਾਈਲ ’ਚ ਜਵਾਨਾਂ ਨੂੰ ਕਿਹਾ ਕਿ ਜੇਕਰ ਹਿਜ਼ਬੁੱਲਾ ਨੇ ਉਨ੍ਹਾਂ ਦੇ ਮੁਲਕ ਨਾਲ ਜੰਗ ਛੇੜੀ ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ। ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਦਾ ਤਾਕਤ ਨਾਲ ਅਜਿਹਾ ਬੁਰਾ ਹਾਲ ਕਰਾਂਗੇ ਕਿ ਉਹ ਸਿੱਟਿਆਂ ਬਾਰੇ ਸੋਚ ਵੀ ਨਹੀਂ ਸਕਦਾ ਹੈ। ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚਿਤਾਵਨੀ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅੰਦਾਜ਼ਨ 7 ਲੱਖ ਲੋਕ ਪਹਿਲਾਂ ਹੀ ਇਲਾਕਾ ਖਾਲੀ ਕਰ ਚੁੱਕੇ ਹਨ ਪਰ ਲੱਖਾਂ ਲੋਕ ਅਜੇ ਵੀ ਉਥੇ ਮੌਜੂਦ ਹਨ ਅਤੇ ਜੇਕਰ ਇਜ਼ਰਾਈਲ ਜ਼ਮੀਨੀ ਜੰਗ ਸ਼ੁਰੂ ਕਰਦਾ ਹੈ ਤਾਂ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਹੋ ਸਕਦਾ ਹੈ। ਗਾਜ਼ਾ ਦੇ ਦੱਖਣੀ ਹਿੱਸੇ ਸਮੇਤ ਇਜ਼ਰਾਈਲ ਨੇ ਜ਼ੋਰਦਾਰ ਹਵਾਈ ਹਮਲੇ ਕੀਤੇ। ਦੀਰ ਅਲ-ਬਲਾਹ ਦੇ ਅਲ-ਅਕਸਾ ਹਸਪਤਾਲ ਦੇ ਬਾਹਰ ਕਈ ਲਾਸ਼ਾਂ ਜ਼ਮੀਨ ’ਤੇ ਰੱਖੀਆਂ ਹੋਈਆਂ ਸਨ। ਹਸਪਤਾਲ ਦੇ ਇਕ ਅਧਿਕਾਰੀ ਖਲੀਲ ਅਲ-ਦੇਗਰਾਂ ਨੇ ਕਿਹਾ ਕਿ ਐਤਵਾਰ ਤੜਕੇ 90 ਤੋਂ ਵੱਧ ਲਾਸ਼ਾਂ ਹਸਪਤਾਲ ਪਹੁੰਚੀਆਂ ਹਨ ਜਦਕਿ ਬੰਬਾਰੀ ਦੀਆਂ ਆਵਾਜ਼ਾਂ ਅਜੇ ਵੀ ਸੁਣੀਆਂ ਜਾ ਰਹੀਆਂ ਸਨ। ਉਸ ਨੇ ਕਿਹਾ ਕਿ 180 ਹੋਰਾਂ, ਜਨਿ੍ਹਾਂ ’ਚ ਜ਼ਿਆਦਾਤਰ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਸ਼ਾਮਲ ਹਨ, ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਹੈ ਕਿ ਉਹ ਸਿਰਫ਼ ਹਮਾਸ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਫ਼ੌਜ ਮੁਤਾਬਕ ਫਲਸਤੀਨੀ ਦਹਿਸ਼ਤਗਰਦਾਂ ਨੇ ਇਜ਼ਰਾਈਲ ’ਤੇ 7 ਹਜ਼ਾਰ ਤੋਂ ਵੱਧ ਰਾਕੇਟ ਦਾਗ਼ੇ। ਫ਼ੌਜ ਨੇ ਕਿਹਾ ਕਿ ਜੰਗ ਦੇ ਅਗਲੇ ਪੜਾਅ ਤੋਂ ਪਹਿਲਾਂ ਉਨ੍ਹਾਂ ਹਵਾਈ ਹਮਲੇ ਤੇਜ਼ ਕਰਨ ਦੀ ਯੋਜਨਾ ਬਣਾਈ ਹੈ। ਹਮਾਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਤਲ ਅਵੀਵ ਨੂੰ ਐਤਵਾਰ ਤੜਕੇ ਨਿਸ਼ਾਨਾ ਬਣਾਇਆ। ਉਧਰ ਸੀਰੀਆ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਇਜ਼ਰਾਈਲ ਨੇ ਰਾਜਧਾਨੀ ਦਮਸ਼ਕ ਅਤੇ ਅਲੇਪੋ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਹਮਲੇ ਕੀਤੇ। ਮੀਡੀਆ ਮੁਤਾਬਕ ਹਮਲੇ ’ਚ ਇਕ ਵਿਅਕਤੀ ਮਾਰਿਆ ਗਿਆ ਜਦਕਿ ਹਵਾਈ ਪੱਟੀ ਨੁਕਸਾਨੀ ਗਈ ਜਿਸ ਕਾਰਨ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਗਈ। ਇਸੇ ਤਰ੍ਹਾਂ ਲਬਿਨਾਨ ’ਚ ਹਿਜ਼ਬੁੱਲਾ ਨੇ ਕਿਹਾ ਕਿ ਹਮਲੇ ’ਚ ਉਨ੍ਹਾਂ ਦੇ ਛੇ ਲੜਾਕੇ ਮਾਰੇ ਗਏ ਹਨ। ਹਿਜ਼ਬੁੱਲਾ ਦੇ ਉਪ ਨੇਤਾ ਸ਼ੇਖ਼ ਨਈਮ ਕਾਸਿਮ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੇ ਗਾਜ਼ਾ ’ਚ ਜ਼ਮੀਨੀ ਹਮਲਾ ਕੀਤਾ ਤਾਂ ਉਸ ਨੂੰ ਭਾਰੀ ਕੀਮਤ ਤਾਰਨੀ ਪਵੇਗੀ। ਇਜ਼ਰਾਈਲ ਨੇ ਰਾਕੇਟ ਹਮਲੇ ਦੇ ਜਵਾਬ ’ਚ ਐਤਵਾਰ ਨੂੰ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਲਬਿਨਾਨ ਸਰਹੱਦ ਨੇੜਿਉਂ 14 ਹੋਰ ਭਾਈਚਾਰਿਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਪਿਛਲੇ ਹਫ਼ਤੇ ਕਿਰਯਤ ਸ਼ਮੋਨਾ ਦੇ 20 ਹਜ਼ਾਰ ਲੋਕ ਉਥੋਂ ਹਟਾਏ ਗਏ ਸਨ। ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ’ਚ ਯਹੂਦੀ ਮੁਲਕ ਦੀ ਫ਼ੌਜ ਨਾਲ ਝੜਪਾਂ, ਗ੍ਰਿਫ਼ਤਾਰੀ ਲਈ ਛਾਪਿਆਂ ਅਤੇ ਹਮਲਿਆਂ ’ਚ 90 ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਜ਼ਰਾਇਲੀ ਫ਼ੌਜ ਨੇ ਹਮਲੇ ਰੋਕਣ ਲਈ ਨਾਕੇ ਬੰਦ ਕਰ ਦਿੱਤੇ ਹਨ। ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ 7 ਅਕਤੂਬਰ ਤੋਂ ਬਾਅਦ ਹਮਾਸ ਦੇ 480 ਸ਼ੱਕੀਆਂ ਸਣੇ 700 ਤੋਂ ਜ਼ਿਆਦਾ ਫਲਸਤੀਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਹਤ ਮੰਤਰਾਲੇ ਮੁਤਾਬਕ ਐਤਵਾਰ ਤੜਕੇ ਇਜ਼ਰਾਇਲੀ ਫ਼ੌਜ ਨੇ ਪੰਜ ਵਿਅਕਤੀਆਂ ਦੀ ਜਾਨ ਲੈ ਲਈ। ਜੇਨਨਿ ਕਸਬੇ ਦੀ ਮਸਜਿਦ ’ਤੇ ਹੋਏ ਹਵਾਈ ਹਮਲੇ ’ਚ ਦੋ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਮਸਜਿਦ ’ਚ ਹਮਾਸ ਅਤੇ ਇਸਲਾਮਿਕ ਜਹਾਦ ਦੇ ਦਹਿਸ਼ਤਗਰਦ ਰਹਿ ਰਹੇ ਸਨ ਜਨਿ੍ਹਾਂ ਪਿਛਲੇ ਕੁਝ ਮਹੀਨਿਆਂ ’ਚ ਕਈ ਹਮਲੇ ਕੀਤੇ ਸਨ ਅਤੇ ਉਹ ਹੋਰ ਹਮਲੇ ਕਰਨ ਦੀ ਤਾਕ ’ਚ ਸਨ।

sant sagar