ਔਖੇ ਦੌਰ ’ਚੋਂ ਲੰਘ ਰਹੇ ਨੇ ਭਾਰਤ ਅਤੇ ਕੈੈਨੇਡਾ ਦੇ ਰਿਸ਼ਤੇ: ਜੈਸ਼ੰਕਰ

ਔਖੇ ਦੌਰ ’ਚੋਂ ਲੰਘ ਰਹੇ ਨੇ ਭਾਰਤ ਅਤੇ ਕੈੈਨੇਡਾ ਦੇ ਰਿਸ਼ਤੇ: ਜੈਸ਼ੰਕਰ

ਔਖੇ ਦੌਰ ’ਚੋਂ ਲੰਘ ਰਹੇ ਨੇ ਭਾਰਤ ਅਤੇ ਕੈੈਨੇਡਾ ਦੇ ਰਿਸ਼ਤੇ: ਜੈਸ਼ੰਕਰ
ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੇ ਦੇਸ਼ ’ਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਆਪਣੀ ਕੈਨੇਡਾ ਵਿਚਲੀ ਮੌਜੂਦਗੀ ਦੇ ਬਰਾਬਰ ਰੱਖਣ ਦੀ ਤਜਵੀਜ਼ ਇਸ ਲਈ ਲਾਗੂ ਕੀਤੀ ਕਿਉਂਕਿ ਨਵੀਂ ਦਿੱਲੀ ਆਪਣੇ ਮਾਮਲਿਆਂ ’ਚ ਕੈਨੇਡੀਅਨ ਡਿਪਲੋਮੈਟਾਂ ਦੇ ਦਖਲ ਤੋਂ ਫਿਕਰਮੰਦ ਸੀ। ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਜੇਕਰ ਭਾਰਤ ਨੂੰ ਕੈਨੇਡਾ ਵਿਚਲੇ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਬਾਰੇ ਤਸੱਲੀ ਹੁੰਦੀ ਹੈ ਤਾਂ ਇਹ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਆਰੰਭ ਸਕਦਾ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਫਿਲਹਾਲ ਔਖੇ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਕੈਨੇਡੀਅਨ ਸਿਆਸਤ ਦੇ ਕੁਝ ਪੱਖਾਂ ਨਾਲ ਸਮੱਸਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਪਿਛਲੇ ਮਹੀਨੇ ਲਾਏ ਦੋਸ਼ਾਂ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧ ਵਿਗੜ ਗਏ ਸਨ। ਉਨ੍ਹਾਂ ਕਿਹਾ ਸੀ ਕਿ ਜੂਨ ’ਚ ਹੋਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵੀ ਸ਼ਮੂਲੀਅਤ’ ਸੀ। ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਓਟਾਵਾ ਨੂੰ ਭਾਰਤ ਵਿਚ ਕੂਟਨੀਤਕ ਮੌਜੂਦਗੀ ਘਟਾਉਣ ਲਈ ਕਿਹਾ ਗਿਆ ਸੀ। ਜੈਸ਼ੰਕਰ ਨੂੰ ਅੱਜ ਇਕ ਸਮਾਗਮ ਵਿਚ ਭਾਰਤ-ਕੈਨੇਡਾ ਦੇ ਸਬੰਧਾਂ ਬਾਰੇ ਸਵਾਲ ਪੁੱਛੇ ਗਏ ਸਨ। ਵਿਦੇਸ਼ ਮੰਤਰੀ ਨੇ ਕਿਹਾ, ‘ਕੈਨੇਡੀਅਨ ਡਿਪਲੋਮੈਟਾਂ ਵੱਲੋਂ ਸਾਡੇ ਮਾਮਲਿਆਂ ਵਿਚ ਲਗਾਤਾਰ ਦਖ਼ਲ ਦੇਣ ਬਾਰੇ ਅਸੀਂ ਜ਼ਿਆਦਾ ਕੁਝ ਜਨਤਕ ਨਹੀਂ ਕੀਤਾ ਹੈ। ਮੇਰਾ ਮੰਨਣਾ ਹੈ ਕਿ ਸਮੇਂ ਦੇ ਨਾਲ, ਹੋਰ ਜਾਣਕਾਰੀ ਸਾਹਮਣੇ ਆਵੇਗੀ ਤੇ ਲੋਕ ਸਮਝਣਗੇ ਕਿ ਕਿਉਂ ਉਨ੍ਹਾਂ ਵਿਚੋਂ ਕਈਆਂ ਨਾਲ ਅਸੀਂ ਸਹਿਜ ਨਹੀਂ ਸੀ ਤੇ ਅਸੀਂ ਇਹ ਕਦਮ ਚੁੱਕਿਆ।’ ਵੀਜ਼ਾ ਸੇਵਾਵਾਂ ਬਹਾਲ ਕਰਨ ਦੇ ਮੁੱਦੇ ’ਤੇ ਜੈਸ਼ੰਕਰ ਨੇ ਕਿਹਾ, ‘ਜੇਕਰ ਸਾਨੂੰ ਉੱਥੇ ਸਥਿਤੀ ਬਿਹਤਰ ਲੱਗੀ, ਮੈਂ ਵੀਜ਼ਾ ਸੇਵਾ ਜ਼ਰੂਰ ਬਹਾਲ ਕਰਨਾ ਚਾਹਾਂਗਾ। ਮੈਨੂੰ ਆਸ ਹੈ ਕਿ ਇਹ ਇਕ ਅਜਿਹੀ ਚੀਜ਼ ਹੈ ਜੋ ਬਹੁਤ ਜਲਦੀ ਹੋਵੇਗੀ।’ ਉਨ੍ਹਾਂ ਕਿਹਾ ਕਿ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਇਸ ਲਈ ਬੰਦ ਕੀਤੀਆਂ ਸਨ ਕਿਉਂਕਿ ਡਿਪਲੋਮੈਟਾਂ ਲਈ ਕੰਮ ਉਤੇ ਜਾ ਕੇ ਵੀਜ਼ਾ ਦੇਣਾ ਸੁਰੱਖਿਅਤ ਨਹੀਂ ਰਹਿ ਗਿਆ ਸੀ। ਉਨ੍ਹਾਂ ਦੀ ਰਾਖੀ ਤੇ ਸੁਰੱਖਿਆ ਹੀ ਅਜਿਹਾ ਕਾਰਨ ਸੀ ਜਿਸ ਕਾਰਨ ਸੇਵਾਵਾਂ ਬੰਦ ਕਰਨੀਆਂ ਪਈਆਂ।’ ਉਨ੍ਹਾਂ ਨਾਲ ਹੀ ਕਿਹਾ ਕਿ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਵਿਏਨਾ ਕਨਵੈਨਸ਼ਨ ਦੇ ਸਭ ਤੋਂ ਮੁੱਢਲੇ ਪੱਖਾਂ ਵਿਚੋਂ ਇਕ ਹੈ।
ਭਾਰਤ ਵਿਚ ਕੈਨੇਡਾ ਦੀ ਡਿਪਲੋਮੈਟਿਕ ਮੌਜੂਦਗੀ ਘਟਾਉਣ ਦੇ ਸਵਾਲ ’ਤੇ ਜੈਸ਼ੰਕਰ ਨੇ ਕਿਹਾ ਕਿ ‘ਡਿਪਲੋਮੈਟਾਂ ਦੀ ਗਿਣਤੀ ਬਰਾਬਰ ਰੱਖਣ ਬਾਰੇ ਵਿਏਨਾ ਕਨਵੈਨਸ਼ਨ ਵਿਚ ਸਪੱਸ਼ਟ ਕੀਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਇਸ ਬਾਰੇ ਕੌਮਾਂਤਰੀ ਪੱਧਰ ’ਤੇ ਢੁੱਕਵੇਂ ਕਾਨੂੰਨ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਭਾਰਤ ਤੋਂ ਹਾਲ ਹੀ ਵਿਚ ਆਪਣੇ 41 ਡਿਪਲੋਮੈਟ ਵਾਪਸ ਬੁਲਾ ਲਏ ਸਨ। ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਸੀ ਕਿ ਨਵੀਂ ਦਿੱਲੀ ਦਾ ਇਹ ਕਦਮ ‘ਕੌਮਾਂਤਰੀ ਕਾਨੂੰਨ ਦੇ ਖ਼ਿਲਾਫ਼ ਹੈ’, ਤੇ ਕੂਟਨੀਤਕ ਰਿਸ਼ਤਿਆਂ ਬਾਰੇ ਵਿਏਨਾ ਸੰਧੀ ਦੀ ਉਲੰਘਣਾ ਹੈ। ਜਦਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। 

ad