ਕੈਨੇਡੀਅਨ ਡਿਪਲੋਮੈਟ ਮਾਮਲਾ: ਬ੍ਰਿਟੇਨ ਤੇ ਅਮਰੀਕਾ ਭਾਰਤ ਨਾਲ ਅਸਹਿਮਤ

ਕੈਨੇਡੀਅਨ ਡਿਪਲੋਮੈਟ ਮਾਮਲਾ: ਬ੍ਰਿਟੇਨ ਤੇ ਅਮਰੀਕਾ ਭਾਰਤ ਨਾਲ ਅਸਹਿਮਤ

ਕੈਨੇਡੀਅਨ ਡਿਪਲੋਮੈਟ ਮਾਮਲਾ: ਬ੍ਰਿਟੇਨ ਤੇ ਅਮਰੀਕਾ ਭਾਰਤ ਨਾਲ ਅਸਹਿਮਤ
ਲੰਡਨ/ਵਾਸ਼ਿੰਗਟਨ-ਬਰਤਾਨੀਆ ਅਤੇ ਅਮਰੀਕਾ ਨੇ 41 ਕੈਨੇਡੀਅਨ ਡਿਪਲੋਮੈਟਾਂ ਦੇ ਭਾਰਤ ਵਿੱਚੋਂ ਚਲੇ ਜਾਣ ’ਤੇ ਫਿਕਰ ਜ਼ਾਹਿਰ ਕੀਤਾ ਹੈ। ਬਰਤਾਨੀਆ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਇਸ ਫ਼ੈਸਲੇ ਨਾਲ ਅਸਹਿਮਤ ਹੈ ਜਿਸ ਕਾਰਨ ਇੱਕ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਖਿੱਚੋਤਾਣ ਦੇ ਮੱਦੇਨਜ਼ਰ ਕੈਨੇਡਿਆਈ ਡਿਪਲੋਮੈਟਾਂ ਨੂੰ ਨਵੀਂ ਦਿੱਲੀ ਛੱਡਣੀ ਪਈ ਹੈ। ਬਰਤਾਨੀਆ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫਸੀਡੀਓ) ਦੇ ਇੱਕ ਬਿਆਨ ਵਿੱਚ ਅੱਜ ਕਿਹਾ ਗਿਆ ਕਿ ਇਸ ਕਦਮ ਨਾਲ ਸਿਆਸੀ ਸਬੰਧਾਂ ਨੂੰ ਲੈ ਕੇ ਵੀਏਨਾ ਕਨਵੈਨਸ਼ਨ ਦੇ ਪ੍ਰਭਾਵਸ਼ਾਲੀ ਕੰਮ-ਕਾਜ ’ਤੇ ਅਸਰ ਪਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੇ ਕਿਹਾ ਕਿ ਉਸ ਨੇ ਕੈਨੇਡਾ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਮਹੀਨੇ ਹੋਈ ਹੱਤਿਆ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਦੇ ਦਾਅਵਿਆਂ ’ਤੇ ਤਣਾਅਪੂਰਨ ਦੁਵੱਲੇ ਸਬੰਧਾਂ ਦਰਮਿਆਨ ਡਿਪਲੋਮੈਟਾਂ ਦਾ ਇੱਕਪਾਸੜ ਦਰਜਾ ਵਾਪਸ ਲੈਣ ਸਬੰਧੀ ਭਾਰਤ ਦੀ ਚਿਤਾਵਨੀ ਮਗਰੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ।
ਭਾਰਤ ਦੇ ਵਿਦੇਸ਼ ਮੰਤਰਾਨੇ ਨੇ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ ਨੂੰ ਖਾਰਜ ਕੀਤਾ ਹੈ ਤੇ ਡਿਪਲੋਮੈਟਾਂ ਦੀ ਵਾਪਸੀ ਸਬੰਧੀ ਵੀਏਨਾ ਕਨਵੈਨਸ਼ਨ ਦੀ ਕਿਸੇ ਉਲੰਘਣਾ ਤੋਂ ਵੀ ਇਨਕਾਰ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵਜੋਂ ਸਮਾਨਤਾ ਨੂੰ ਲਾਗੂ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ।’’
ਲੰਡਨ ਵਿੱਚ ਐੱਫਸੀਡੀਓ ਦੇ ਇੱਕ ਬਿਆਨ ਵਿੱਚ ਕਿਹਾ ਗਿਆ, ‘‘ਮੱਤਭੇਦਾਂ ਨੂੰ ਸੁਲਝਾਉਣ ਲਈ ਸਬੰਧਿਤ ਰਾਜਧਾਨੀਆਂ ਵਿੱਚ ਸੰਵਾਦ ਅਤੇ ਡਿਪਲੋਮੈਟਾਂ ਦੀ ਲੋੜ ਹੁੰਦੀ ਹੈ। ਅਸੀਂ ਭਾਰਤ ਸਰਕਾਰ ਤਰਫ਼ੋਂ ਲਏ ਗਏ ਫ਼ੈਸਲਿਆਂ ਨਾਲ ਸਹਿਮਤ ਨਹੀਂ ਹਾਂ, ਜਿਸ ਦੇ ਸਿੱਟੇ ਵਜੋਂ ਕਈ ਕੈਨੇਡਿਆਈ ਡਿਪਲੋਮੈਟਾਂ ਨੂੰ ਭਾਰਤ ਛੱਡਣਾ ਪਿਆ।’’ ਬਿਆਨ ਵਿੱਚ ਕਿਹਾ ਗਿਆ, ‘‘ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਰਾਸ਼ਟਰ ਕੂਟਨੀਤਕ ਸਬੰਧਾਂ ’ਤੇ 1961 ਦੀ ਵੀਏਨਾ ਕਨਵੈਨਸ਼ਨ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣਗੇ। ਡਿਪਲੋਮੈਟਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਨੂੰ ਇੱਕਤਰਫ਼ਾ ਹਟਾਉਣਾ ਵੀਏਨਾ ਕਨਵੈਨਸ਼ਨ ਦੇ ਸਿਧਾਤਾਂ ਜਾਂ ਪ੍ਰਭਾਵੀ ਕੰਮ-ਕਾਜ ਦੇ ਅਨੁਕੂਲ ਨਹੀਂ ਹੈ। ਅਸੀਂ ਹਰਦੀਪ ਸਿੰਘ ਨਿੱਝਰ ਦੀ ਮੌਤ ਦੀ ਸੁਤੰਤਰ ਜਾਂਚ ਲਈ ਭਾਰਤ ਨੂੰ ਕੈਨੇਡਾ ਨਾਲ ਜੁੜਨ ਵਾਸਤੇ ਉਤਸ਼ਾਹਿਤ ਕਰਦੇ ਰਹਾਂਗੇ।’’ ਅਮਰੀਕਾ ਨੇ ਵੀ ਇਸ ਮੁੱਦੇ ’ਤੇ ਕੈਨੇਡਾ ਦਾ ਸਮਰਥਨ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਭਾਰਤ ਵਿੱਚੋਂ ਕੈਨੇਡਿਆਈ ਡਿਪਲੋਮੈਟਾਂ ਦੀ ਵਾਪਸੀ ਤੋਂ ਫਿਕਰਮੰਦ ਹੈ। ਉਨ੍ਹਾਂ ਉਮੀਦ ਜਤਾਈ ਕਿ ਭਾਰਤ ਡਿਪਲੋਮੈਟ ਸਬੰਧਾਂ ’ਤੇ 1961 ਦੀ ਵੀਏਨਾ ਕਨਵੈਨਸ਼ਨ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰੇਗਾ। ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਾਂ ਦੀ ਦੇਸ਼ ਵਾਪਸੀ ਨੂੰ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਵਜੋਂ ਪੇਸ਼ ਕਰਨ ਦੀਆਂ ਕੈਨੇਡਾ ਦੀਆਂ ਕੋਸ਼ਿਸ਼ਾਂ ਨੂੰ ਖਾਰਜ ਕੀਤਾ ਸੀ।

sant sagar