ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ

ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ

ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ
ਰਾਫਾਹ-ਮਿਸਰ ਨੇ ਗਾਜ਼ਾ ਨਾਲ ਲਗਦੀ ਆਪਣੀ ਸਰਹੱਦ ਅੱਜ ਖੋਲ੍ਹ ਦਿੱਤੀ ਹੈ ਤਾਂ ਜੋ ਉਥੇ ਲੋਕਾਂ ਨੂੰ ਜ਼ਰੂਰੀ ਸਹਾਇਤਾ ਪਹੁੰਚਾਈ ਜਾ ਸਕੇ। ਰਾਹਤ ਸਮੱਗਰੀ ’ਚ ਭੋਜਨ, ਪਾਣੀ ਅਤੇ ਦਵਾਈਆਂ ਸ਼ਾਮਲ ਹਨ ਜੋ ਅਜੇ ਦੱਖਣੀ ਗਾਜ਼ਾ ’ਚ ਪਹੁੰਚਾਈਆਂ ਜਾ ਰਹੀਆਂ ਹਨ। ਇਜ਼ਰਾਈਲ ਵੱਲੋਂ ਕੀਤੀ ਗਈ ਘੇਰਾਬੰਦੀ ਦਰਮਿਆਨ ਪਹਿਲੀ ਵਾਰ ਹੈ ਜਦੋਂ ਗਾਜ਼ਾ ’ਚ ਕੋਈ ਮਦਦ ਭੇਜਣੀ ਸ਼ੁਰੂ ਹੋਈ ਹੈ। ਮਿਸਰ ਤੋਂ ਗਾਜ਼ਾ ਲਈ ਜ਼ਰੂਰੀ ਵਸਤਾਂ ਨਾਲ ਭਰੇ 20 ਟਰੱਕ ਰਵਾਨਾ ਹੋਏ ਜੋ ਰਾਫਾਹ ਅਤੇ ਖਾਨ ਯੂਨਿਸ ਜਾਣਗੇ। ਸਹਾਇਤਾ ਵਰਕਰਾਂ ਮੁਤਾਬਕ ਗਾਜ਼ਾ ਦੇ ਮਾਨਵੀ ਸੰਕਟ ਨੂੰ ਦੇਖਦਿਆਂ ਇਹ ਮਦਦ ਬਹੁਤ ਥੋੜ੍ਹੀ ਹੈ। ਉਂਜ ਪਿਛਲੇ ਕਈ ਦਿਨਾਂ ਤੋਂ 3 ਹਜ਼ਾਰ ਟਨ ਦੇ ਕਰੀਬ ਸਹਾਇਤਾ ਨਾਲ ਭਰੇ 200 ਤੋਂ ਜ਼ਿਆਦਾ ਟਰੱਕ ਸਰਹੱਦ ਨੇੜੇ ਖੜ੍ਹੇ ਹਨ। ਗਾਜ਼ਾ ਦੇ 23 ਲੱਖ ਫਲਸਤੀਨੀਆਂ, ਜਨਿ੍ਹਾਂ ’ਚੋਂ ਅੱਧੇ ਆਪਣਾ ਘਰ-ਬਾਰ ਛੱਡ ਚੁੱਕੇ ਹਨ, ਨੂੰ ਖਾਣ ਲਈ ਬਹੁਤ ਘੱਟ ਭੋਜਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲਾਂ ’ਚ ਮੈਡੀਕਲ ਸਪਲਾਈ ਨਾ ਦੇ ਬਰਾਬਰ ਹੈ ਅਤੇ ਜਨਰੇਟਰ ਚਲਾਉਣ ਲਈ ਈਂਧਣ ਨਹੀਂ ਮਿਲ ਰਿਹਾ ਹੈ। ਇਜ਼ਰਾਈਲ ਵੱਲੋਂ ਗਾਜ਼ਾ ’ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਮਿਸਰ ਨੇ ਰਾਹਤ ਸਮੱਗਰੀ ਲਈ ਸਰਹੱਦ ਉਸ ਸਮੇਂ ਖੋਲ੍ਹੀ ਹੈ ਜਦੋਂ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਵੱਖ ਵੱਖ ਵਿਚੋਲਿਆਂ ਨੇ ਉੱਚ ਪੱਧਰ ’ਤੇ ਕੂਟਨੀਤੀ ਰਾਹੀਂ ਇਜ਼ਰਾਈਲ ਉਪਰ ਦਬਾਅ ਬਣਾਇਆ। ਇਨ੍ਹਾਂ ਕੂਟਨੀਤਕਾਂ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਸ਼ਾਮਲ ਹਨ। ਇਜ਼ਰਾਈਲ ਇਸ ਗੱਲ ਦਾ ਦਬਾਅ ਬਣਾ ਰਿਹਾ ਸੀ ਕਿ ਜਦੋਂ ਤੱਕ ਹਮਾਸ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਨਹੀਂ ਕਰਦਾ ਉਹ ਗਾਜ਼ਾ ਅੰਦਰ ਕੋਈ ਵੀ ਸਾਮਾਨ ਦਾਖ਼ਲ ਨਹੀਂ ਹੋਣ ਦੇਵੇਗਾ। ਸੰਯੁਕਤ ਰਾਸ਼ਟਰ ਦੀ ਵਿਸ਼ਵ ਫੂਡ ਪ੍ਰੋਗਰਾਮ ਦੀ ਮੁਖੀ ਸਿੰਡੀ ਮੈਕੇਨ ਨੇ ਖ਼ਬਰ ਏਜੰਸੀ ਨੂੰ ਕਿਹਾ,‘‘ਗਾਜ਼ਾ ’ਚ ਹਾਲਾਤ ਬਹੁਤ ਹੀ ਮਾੜੇ ਹਨ। ਸਾਨੂੰ ਰਾਹਤ ਸਮੱਗਰੀ ਨਾਲ ਭਰੇ ਬਹੁਤ ਹੀ ਜ਼ਿਆਦਾ ਟਰੱਕਾਂ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਜੰਗ ਤੋਂ ਪਹਿਲਾਂ ਗਾਜ਼ਾ ਅੰਦਰ ਰੋਜ਼ਾਨਾ 400 ਦੇ ਕਰੀਬ ਟਰੱਕ ਦਾਖ਼ਲ ਹੋ ਰਹੇ ਸਨ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਗਾਜ਼ਾ ’ਚ ਮਾਨਵੀ ਹਾਲਾਤ ਅਜੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਸਿਰਫ਼ ਦੱਖਣੀ ਗਾਜ਼ਾ ’ਚ ਪਹੁੰਚਾਈ ਜਾ ਰਹੀ ਹੈ ਇਸ ਦੌਰਾਨ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਮਿਸਰ ਅਤੇ ਜਾਰਡਨ ਛੱਡ ਦੇਣ ਲਈ ਕਿਹਾ ਹੈ। ਉਨ੍ਹਾਂ ਸੰਯੁਕਤ ਅਰਬ ਅਮੀਰਾਤ, ਮੋਰੱਕੋ ਅਤੇ ਬਹਿਰੀਨ ਨਾ ਜਾਣ ਦੇ ਵੀ ਨਿਰਦੇਸ਼ ਦਿੱਤੇ ਹਨ।

sant sagar