ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ

ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ

ਉੱਤਰੀ ਕੋਰੀਆ ਵੱਲੋਂ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ
ਸਿਓਲ-ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਰੂਸ ਵੱਲੋਂ ਲੜੀ ਜਾ ਰਹੀ ਜੰਗ ਨੂੰ ‘ਸਹੀ’ ਕਰਾਰ ਦਿੰਦਿਆਂ ਮਾਸਕੋ ਦੀ ਹਮਾਇਤ ਕੀਤੀ ਹੈ। ਅਮਰੀਕਾ ਨਾਲ ਜਾਰੀ ਟਕਰਾਅ ਦੇ ਸੰਦਰਭ ’ਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਦੌਰਾਨ ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਯੂਕਰੇਨ ਜੰਗ ਲਈ ਮਾਸਕੋ ਨੂੰ ਹਥਿਆਰ ਸਪਲਾਈ ਕਰਨ ਦਾ ਸੌਦਾ ਵੀ ਕਰ ਸਕਦਾ ਹੈ। ਰੂਸ ਦੇ ਬਿਲਕੁਲ ਪੂਰਬ ’ਚ ਸਥਿਤ ਇਕ ਪੁਲਾੜ ਕੇਂਦਰ ’ਤੇ ਲਾਂਚ ਪੈਡ ਦਾ ਦੌਰਾ ਕਰਨ ਤੋਂ ਬਾਅਦ ਕਿਮ ਨੇ ਰੂਸ ਲਈ ‘ਪੂਰਾ ਤੇ ਬਿਨਾਂ ਸ਼ਰਤ’ ਸਮਰਥਨ ਜ਼ਾਹਿਰ ਕੀਤਾ। ਕਿਮ ਨੇ ਕਿਹਾ ਕਿ ਉਹ ‘ਸਾਮਰਾਜ-ਵਿਰੋਧੀ’ ਮੰਚ ’ਤੇ ਹਮੇਸ਼ਾ ਰੂਸ ਦੇ ਨਾਲ ਖੜ੍ਹੇ ਰਹਿਣਗੇ। ਦੋਵਾਂ ਆਗੂਆਂ ਦੀ ਮੁਲਾਕਾਤ ਵੋਸਤੋਚਨਾਇ ਕੌਸਮੋਡਰੋਮ ’ਤੇ ਹੋਈ। ਇਸ ਮੁਲਾਕਾਤ ਵਿਚ ਅਮਰੀਕਾ ਨਾਲ ਦੁਸ਼ਮਣੀ ਦਾ ਮੁੱਦਾ ਭਾਰੂ ਰਿਹਾ ਤੇ ਦੋਵਾਂ ਆਗੂਆਂ ਨੇ ਇਸ ਗੱਲ ਨੂੰ ਉਭਾਰਿਆ ਕਿ ਕਿਵੇਂ ਪੱਛਮ ਨਾਲ ਵੱਖ-ਵੱਖ ਪੱਧਰ ’ਤੇ ਜਾਰੀ ਟਕਰਾਅ ’ਚ ਉਨ੍ਹਾਂ ਦੇ ਹਿੱਤ ਸਾਂਝੇ ਹਨ।
ਇਹ ਵਾਰਤਾ ਕਰੀਬ 4-5 ਘੰਟਿਆਂ ਤੱਕ ਚੱਲੀ। ਇਸ ਤੋਂ ਬਾਅਦ ਕਿਮ ਰਵਾਨਾ ਹੋ ਗਏ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕੋਲ ਲੱਖਾਂ ਦੀ ਗਿਣਤੀ ਵਿਚ ਸੋਵੀਅਤ ਡਿਜ਼ਾਈਨ ’ਤੇ ਬਣਿਆ ਅਸਲਾ ਤੇ ਰਾਕੇਟ ਪਏ ਹੋ ਸਕਦੇ ਹਨ ਜੋ ਯੂਕਰੇਨ ਵਿਚ ਰੂਸ ਦੀ ਸੈਨਾ ਨੂੰ ਤਕੜਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੂਤਿਨ ਨੇ ਅੱਜ ਕਿਮ ਦੀ ਲਿਮੋਜ਼ਿਨ ਦਾ ਸਵਾਗਤ ਕੀਤਾ, ਜਿਸ ਨੂੰ ਉੱਤਰੀ ਕੋਰੀਆ ਦਾ ਆਗੂ ਆਪਣੇ ਵਿਸ਼ੇਸ਼ ਹਥਿਆਰਬੰਦ ਰੇਲਗੱਡੀ ਵਿਚ ਪਿਓਂਗਯਾਂਗ ਤੋਂ ਲੈ ਕੇ ਰੂਸ ਪਹੁੰਚਿਆ ਸੀ। ਪੂਤਿਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਆਰਥਿਕ ਸਹਿਯੋਗ, ਮਨੁੱਖੀ ਮੁੱਦਿਆਂ ਤੇ ਖੇਤਰ ਦੀ ਸਥਿਤੀ ਉਤੇ ਕੇਂਦਰਤ ਰਹੇਗੀ। ਕਿਮ ਨੇ ਮਾਸਕੋ ਵੱਲੋਂ ‘ਆਪਣੇ ਹਿੱਤਾਂ ਖਾਤਰ ਲੜੀ ਜਾ ਰਹੀ ਜੰਗ’ ਦਾ ਸਮਰਥਨ ਕੀਤਾ। ਉੱਤਰੀ ਕੋਰੀਆ ਦੇ ਆਗੂ ਨੇ ਕਿਹਾ ਕਿ ਰੂਸ ਆਪਣੇ ਹੱਕਾਂ, ਸੁਰੱਖਿਆ ਤੇ ਹਿੱਤਾਂ ਲਈ ‘ਨਿਆਂਸੰਗਤ ਸੰਘਰਸ਼’ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ’ਚ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਵੀ ਕੀਤਾ।

sant sagar