ਬਿਨਾਂ ਗਲਤ ਇਰਾਦੇ ਦੇ ਔਰਤ ਨੂੰ ਗਲੇ ਲਾਉਣਾ ਕੋਈ ਅਪਰਾਧ ਨਹੀਂ: ਬ੍ਰਿਜ ਭੂਸ਼ਨ

ਬਿਨਾਂ ਗਲਤ ਇਰਾਦੇ ਦੇ ਔਰਤ ਨੂੰ ਗਲੇ ਲਾਉਣਾ ਕੋਈ ਅਪਰਾਧ ਨਹੀਂ: ਬ੍ਰਿਜ ਭੂਸ਼ਨ
ਨਵੀਂ ਦਿੱਲੀ: ਮਹਿਲਾ ਪਹਿਲਵਾਨਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਨੂੰ ਕਿਹਾ ਕਿ ਬਿਨਾ ਕਿਸੇ ਗਲਤ ਇਰਾਦੇ ਦੇ ਔਰਤ ਨੂੰ ਗਲੇ ਲਗਾਉਣਾ ਜਾਂ ਛੂਹਣਾ ਕੋਈ ਅਪਰਾਧ ਨਹੀਂ ਹੈ। ਬ੍ਰਿਜ ਭੂਸ਼ਨ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਦਾ ਵਿਰੋਧ ਕਰਦਿਆਂ ਵਕੀਲ ਰਾਹੀਂ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਦੇ ਸਾਹਮਣੇ ਇਹ ਗੱਲ ਕਹੀ। ਅਦਾਲਤ ਨੇ ਬੁੱਧਵਾਰ ਨੂੰ ਇਸ ਗੱਲ ’ਤੇ ਦਲੀਲਾਂ ਦੀ ਸੁਣਵਾਈ ਸ਼ੁਰੂ ਕੀਤੀ ਕਿ ਕੀ ਬ੍ਰਿਜ ਭੂਸ਼ਨ ਅਤੇ ਸਹਿ-ਮੁਲਜ਼ਮ ਵਿਨੋਦ ਤੋਮਰ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣੇ ਚਾਹੀਦੇ ਹਨ ਜਾਂ ਨਹੀਂ। ਬ੍ਰਿਜ ਭੂਸ਼ਨ ਵੱਲੋਂ ਪੇਸ਼ ਹੋਏ ਉਨ੍ਹਾਂ ਦੇ ਵਕੀਲ ਰਾਜੀਵ ਮੋਹਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਦੋਸ਼ ਬਹੁਤ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਜੇ ਸ਼ਿਕਾਇਤਰਤਾ ਨੂੰ ਉਨ੍ਹਾਂ ਦੇ ਮੁਵੱਕਲ ਤੋਂ ਕੋਈ ਖ਼ਤਰਾ ਸੀ ਤਾਂ ਉਹ ਪਿਛਲੇ ਪੰਜ ਸਾਲਾਂ ਤੋਂ ਸਾਹਮਣੇ ਕਿਉਂ ਨਹੀਂ ਆਈ। ਇਹ ਜਾਇਜ਼ ਆਧਾਰ ਨਹੀਂ ਹੈ। ਵਕੀਲ ਨੇ ਕਿਹਾ ਕਿ ‘ਅਪਰਾਧ ਭਾਰਤ ਤੋਂ ਬਾਹਰ ਕੀਤੇ ਜਾਣ ਦਾ ਦੋਸ਼ ਹੈ’, ਇਸ ਲਈ ਮਾਮਲੇ ਦੀ ਸੁਣਵਾਈ ਇਸ ਅਦਾਲਤ ਦੇ ਅਧਿਕਾਰ ਖੇਤਰ ’ਚ ਨਹੀਂ ਹੈ। ਉਨ੍ਹਾਂ ਕਿਹਾ, ‘‘ਬਿਨਾਂ ਕਿਸੇ ਅਪਰਾਧਿਕ ਤਾਕਤ ਜਾਂ ਗਲਤ ਇਰਾਦੇ ਤੋਂ ਕਿਸੇ ਔਰਤ ਨੂੰ ਛੂਹਣਾ ਕੋਈ ਅਪਰਾਧ ਨਹੀਂ ਹੈ। ਕੁਸ਼ਤੀ ਅਜਿਹੀ ਖੇਡ ਹੈ, ਜਿੱਥੇ ਜ਼ਿਆਦਾਤਰ ਕੋਚ ਪੁਰਸ਼ ਹੁੰਦੇ ਹਨ। ਇੱਥੇ ਸ਼ਾਇਦ ਹੀ ਕੋਈ ਮਹਿਲਾ ਕੋਚ ਹੋਵੇ। ਜੇ ਕੋਈ ਕਿਸੇ ਪ੍ਰਾਪਤੀ ਤੋਂ ਬਾਅਦ ਖੁਸ਼ੀ ਵਿੱਚ ਕਿਸੇ ਖਿਡਾਰੀ ਨੂੰ ਜੱਫੀ ਪਾ ਰਿਹਾ ਹੈ ਤਾਂ ਇਹ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆ ਸਕਦਾ। ਇਸੇ ਤਰ੍ਹਾਂ ਜੇ ਕੋਈ ਪੁਰਸ਼ ਕੋਚ ਚਿੰਤਤ ਹੋ ਕੇ ਕਿਸੇ ਖਿਡਾਰੀ ਨੂੰ ਗਲੇ ਲਾਉਂਦਾ ਹੈ ਤਾਂ ਇਹ ਵੀ ਅਪਰਾਧ ਨਹੀਂ ਹੈ।’’ ਅਦਾਲਤ ਭਲਕੇ ਵੀਰਵਾਰ ਨੂੰ ਵੀ ਸੁਣਵਾਈ ਜਾਰੀ ਰੱਖੇਗੀ।