ਨੂਹ ਹਿੰਸਾ: ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਐੈੱਨਸੀਆਰ ’ਚ ਵਿਰੋਧ ਪ੍ਰਦਰਸ਼ਨ

ਨੂਹ ਹਿੰਸਾ: ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਐੈੱਨਸੀਆਰ ’ਚ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ-ਹਿੰਦੂ ਸੱਜੇ-ਪੱਖੀ ਜਥੇਬੰਦੀਆਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਅੱਜ ਨੋਇਡਾ ਸਣੇ ਦਿੱਲੀ ਕੌਮੀ ਰਾਜਧਾਨੀ ਖੇਤਰ ਵਿੱਚ ਵੱਖ ਵੱਖ ਥਾਈਂ ਵਿਰੋਧ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਨੇ ਮੰਗ ਕੀਤੀ ਕਿ ਝੜਪਾਂ ਦੌਰਾਨ ਮਾਰੇ ਗਏ ਬਜਰੰਗ ਦਲ ਯੂਥ ਵਿੰਗ ਦੇ ਦੋ ਮੈਂਬਰਾਂ ਦੇ ਵਾਰਸਾਂ ਦੀ ਵਿੱਤੀ ਮਦਦ ਕੀਤੀ ਜਾਵੇ। ਇਨ੍ਹਾਂ ਜਥੇਬੰਦੀਆਂ ਨੇ ਧਾਰਾ 144 ਆਇਦ ਹੋਣ ਦੇ ਬਾਵਜੂਦ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਮੁਜ਼ਾਹਰੇ ਵਿੱਚ ਦੋਵਾਂ ਜਥੇਬੰਦੀਆਂ ਦੇ ਸੈਂਕੜੇ ਮੈਂਬਰ ਸ਼ਾਮਲ ਹੋਏ। ਨੌਇਡਾ ਦੇ ਸੈਕਟਰ 21ਏ ਵਿਚ ਸਟੇਡੀਅਮ ਤੋਂ ਸ਼ੁਰੂ ਹੋਇਆ ਰੋਸ ਮੁਜ਼ਾਹਰਾ ਸੈਕਟਰ 27 ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਨੇੜੇ ਖ਼ਤਮ ਹੋਇਆ। ਰੋਸ ਪ੍ਰਦਰਸ਼ਨਾਂ ਕਰਕੇ ਕਈ ਥਾਈਂ ਟਰੈਫਿਕ ਆਵਾਜਾਈ ਪ੍ਰਭਾਵਿਤ ਹੋਈ। ਬਜਰੰਗ ਦਲ ਦੇ ਸਮਰਥਕ ਕੌਮੀ ਰਾਜਧਾਨੀ ਵਿੱਚ ਨਿਰਮਾਣ ਵਿਹਾਰ ਦੇ ਮੈਟਰੋ ਸਟੇਸ਼ਨ ਨੇੜੇ ਇਕੱਤਰ ਹੋਏ, ਜਿੱਥੇ ਉਨ੍ਹਾਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਉਨ੍ਹਾਂ ਨੇ ਮਗਰੋਂ ਵਿਕਾਸ ਮਾਰਗ ’ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਉਥੋਂ ਖਿੰਡਾ ਦਿੱਤਾ। ਐੱਨਸੀਆਰ ਦੇ ਉੱਤਰ-ਪੂਰਬੀ ਹਿੱਸੇ ਵਿੱਚ ਬਜਰੰਗ ਦਲ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਤੇ ‘‘ਜੈ ਸ੍ਰੀ ਰਾਮ’’ ਦੇ ਨਾਅਰੇ ਲਗਾਏ। ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਪੂਰਬੀ ਦਿੱਲੀ ਦੇ ਘੋਂਡਾ ਚੌਕ, ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਤੇ ਸੁਭਾਸ਼ ਚੌਕ ਨੇੜੇ ਵੀ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ।