ਕਵੇਟਾ 'ਚ ਬੰਬ ਧਮਾਕਾ, ਪੁਲਿਸ ਚੌਕੀ ਨੂੰ ਬਣਾਇਆ ਨਿਸ਼ਾਨਾ

ਕਵੇਟਾ 'ਚ ਬੰਬ ਧਮਾਕਾ, ਪੁਲਿਸ ਚੌਕੀ ਨੂੰ ਬਣਾਇਆ ਨਿਸ਼ਾਨਾ

 ਕਵੇਟਾ 'ਚ ਬੰਬ ਧਮਾਕਾ, ਪੁਲਿਸ ਚੌਕੀ ਨੂੰ ਬਣਾਇਆ ਨਿਸ਼ਾਨਾ
ਅੰਮਿ੍ਤਸਰ-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ 'ਚ ਪੁਲਿਸ ਲਾਈਨਜ਼ ਇਲਾਕੇ ਦੇ ਨੇੜੇ ਹੋਏ ਬੰਬ ਧਮਾਕੇ 'ਚ ਘੱਟੋ-ਘੱਟ 5 ਲੋਕ ਜ਼ਖ਼ਮੀ ਹੋ ਗਏ ਹਨ | ਇਹ ਧਮਾਕਾ ਅੱਜ ਸਵੇਰੇ ਐਫ.ਸੀ. ਮੂਸਾ ਚੌਕੀ ਨੇੜੇ ਹੋਇਆ | ਘਟਨਾ ਸਥਾਨ 'ਤੇ ਬਚਾਅ ਕਾਰਜ ਦੀ ਅਗਵਾਈ ਕਰ ਰਹੇ ਈਦੀ ਫਾਊਾਡੇਸ਼ਨ ਦੇ ਕਾਰਕੁਨ ਜੀਸ਼ਾਨ ਅਹਿਮਦ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਧਮਾਕੇ ਦੇ ਤੁਰੰਤ ਬਾਅਦ ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ | ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਧਮਾਕੇ ਤੋਂ ਤੁਰੰਤ ਬਾਅਦ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸ 'ਚ ਕਿਹਾ ਗਿਆ ਹੈ ਕਿ ਧਮਾਕੇ 'ਚ ਸੁਰੱਖਿਆ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਕਵੇਟਾ ਪੁਲਿਸ ਹੈੱਡਕੁਆਟਰ ਅਤੇ ਕਵੇਟਾ ਛਾਉਣੀ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹੋਇਆ | ਘਟਨਾ ਤੋਂ ਬਾਅਦ ਦੀ ਵੀਡੀਓ ਫੁਟੇਜ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ ਪਰ ਮਰਨ ਵਾਲਿਆਂ ਦੀ ਅਸਲ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ |
ਧਮਾਕੇ ਕਾਰਨ ਪਾਕਿਸਤਾਨ ਸੁਪਰ ਲੀਗ ਦਾ ਮੈਚ ਕੁਝ ਦੇਰ ਲਈ ਰੋਕਿਆ
ਇਫਤਿਖਾਰ ਨੇ ਵਹਾਬ ਦੇ ਓਵਰ 'ਚ ਜੜੇ 6 ਛੱਕੇ
ਕਵੇਟਾ-ਨਵਾਬ ਅਕਬਰ ਬੁਗਤੀ ਸਟੇਡੀਅਮ 'ਚ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦਾ ਪ੍ਰਦਰਸ਼ਨੀ ਮੈਚ ਪੁਲਿਸ ਲਾਈਨਜ਼ ਇਲਾਕੇ 'ਚ ਬੰਬ ਧਮਾਕੇ ਕਾਰਨ ਕੁਝ ਸਮੇਂ ਲਈ ਰੋਕ ਦਿੱਤਾ ਗਿਆ | ਧਮਾਕੇ ਤੋਂ ਬਾਅਦ ਇਥੇ ਖੇਡ ਰਹੇ ਕਪਤਾਨ ਬਾਬਰ ਆਜ਼ਮ ਅਤੇ ਸ਼ਾਹਿਦ ਅਫਰੀਦੀ ਸਮੇਤ ਚੋਟੀ ਦੇ ਪਾਕਿਸਤਾਨੀ ਕਿ੍ਕਟਰਾਂ ਨੂੰ ਸੁਰੱਖਿਅਤ ਡਰੈਸਿੰਗ ਰੂਮ ਲਿਜਾਇਆ ਗਿਆ | ਪੀ.ਐਸ.ਐਲ. ਦੀਆਂ ਟੀਮਾਂ ਕਵੇਟਾ ਗਲੈਡੀਏਟਰਜ਼ ਅਤੇ ਪੇਸ਼ਾਵਰ ਜ਼ਾਲਮੀ ਵਿਚਕਾਰ ਖੇਡੇ ਗਏ ਪ੍ਰਦਰਸ਼ਨੀ ਮੈਚ ਦੌਰਾਨ ਇਫਤਿਖਾਰ ਅਹਿਮਦ ਨੇ 50 ਗੇਂਦਾਂ 'ਚ 94 ਦੌੜਾਂ ਦੀ ਅਜੇਤੂ ਪਾਰੀ ਖੇਡੀ | ਇਸ ਦੌਰਾਨ ਉਨ੍ਹਾਂ ਆਪਣਾ ਨਾਂਅ ਇਕ ਖਾਸ ਕਲੱਬ 'ਚ ਸ਼ਾਮਿਲ ਕਰਵਾ ਲਿਆ | ਉਹ ਇਕ ਓਵਰ 'ਚ 6 ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਿਲ ਹੋ ਗਏ ਹਨ | ਇਫਤਿਖਾਰ ਨੇ 20ਵੇਂ ਓਵਰ 'ਚ ਵਹਾਬ ਰਿਆਜ਼ ਦੀਆਂ ਗੇਂਦਾਂ 'ਤੇ 6 ਛੱਕੇ ਜੜੇ |