ਯੂਕੇ: ਸੂਨਕ ਵੱਲੋਂ ਕੈਬਨਿਟ ਮੰਤਰੀ ਜ਼ਾਹਾਵੀ ਬਰਖ਼ਾਸਤ

ਯੂਕੇ: ਸੂਨਕ ਵੱਲੋਂ ਕੈਬਨਿਟ ਮੰਤਰੀ ਜ਼ਾਹਾਵੀ ਬਰਖ਼ਾਸਤ

ਯੂਕੇ: ਸੂਨਕ ਵੱਲੋਂ ਕੈਬਨਿਟ ਮੰਤਰੀ ਜ਼ਾਹਾਵੀ ਬਰਖ਼ਾਸਤ
ਲੰਡਨ-ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਆਪਣੇ ਕੈਬਨਿਟ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜ਼ਾਹਾਵੀ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ’ਤੇ ਮੰਤਰੀ ਦੇ ਅਹੁਦੇ ਨਾਲ ਸਬੰਧਤ ਜ਼ਾਬਤੇ ਦੀ ਗੰਭੀਰ ਉਲੰਘਣਾ ਦਾ ਦੋਸ਼ ਹੈ। ਜ਼ਾਹਾਵੀ ਕੋਲ ਫ਼ਿਲਹਾਲ ਕੋਈ ਵਿਭਾਗ ਨਹੀਂ ਸੀ, ਪਰ ਉਹ ਸੱਤਾਧਾਰੀ ਟੋਰੀ ਪਾਰਟੀ ਦੀ ਕਮਾਨ ਸੰਭਾਲ ਰਹੇ ਸਨ। ਕੈਬਨਿਟ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਵਿੱਤੀ ਪੱਖ ਤੋਂ ਘਿਰਿਆ ਹੋਇਆ ਸੀ। ਜ਼ਾਹਾਵੀ ਉਤੇ ਦੋਸ਼ ਸੀ ਕਿ ਉਸ ਨੇ ਰੈਵੇਨਿਊ ਤੇ ਕਸਟਮਜ਼ ਵਿਭਾਗ ਨਾਲ ਜੁਰਮਾਨੇ ਸਬੰਧੀ ਕੋਈ ਸਮਝੌਤਾ ਕੀਤਾ ਹੈ। ਸੂਨਕ ਨੇ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਸਨ। ਇਰਾਕ ਦੇ ਜੰਮਪਲ ਸਾਬਕਾ ਖ਼ਜ਼ਾਨਾ ਮੰਤਰੀ ਟੈਕਸ ਦੇ ਮਾਮਲੇ ਵਿਚ ਵਿਵਾਦਾਂ ਵਿਚ ਘਿਰਿਆ ਹੋਇਆ ਸੀ। ਵਿਰੋਧੀ ਧਿਰ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੀ ਸੀ। ਨੈਤਿਕਤਾ ਬਾਰੇ ਸੂਨਕ ਦੇ ਸਲਾਹਕਾਰ ਸਰ ਲੌਰੀ ਮੈਗਨਸ ਨੇ ਇਸ ਮੁੱਦੇ ਉਤੇ ਆਪਣਾ ਮੁਲਾਂਕਣ ਦਾਖਲ ਕੀਤਾ ਸੀ ਕਿ ਕੀ ਵਿਭਾਗ ਨਾਲ ਹੋਏ ਸਮਝੌਤੇ ਨੂੰ ਮੰਤਰੀ ਪੱਧਰ ਦੇ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇ। ਜ਼ਾਹਾਵੀ ਨੂੰ ਲਿਖੇ ਪੱਤਰ ਵਿਚ ਸੂਨਕ ਨੇ ਕਿਹਾ ਕਿ ਜਦ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਅਹਿਦ ਕੀਤਾ ਸੀ ਕਿ ਉਹ ਹਰ ਪੱਧਰ ਉਤੇ ਇਮਾਨਦਾਰੀ ਤੇ ਪੇਸ਼ੇਵਰ ਪਹੁੰਚ ਯਕੀਨੀ ਬਣਾਉਣਗੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਰਿਸ਼ੀ ਸੂਨਕ ਨੇ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੰਤਰੀ ਦੇ ਅਹੁਦੇ ਦਾ ਜ਼ਾਬਤਾ ਭੰਗ ਕੀਤਾ ਗਿਆ ਹੈ। ਇਸ ਲਈ ਜ਼ਾਹਾਵੀ ਨੂੰ ਬਰਖਾਸਤ ਕੀਤਾ ਜਾਂਦਾ  ਹੈ। ਮੈਗਨਸ ਨੇ ਸੂਨਕ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੰਤਰੀ ਵਜੋਂ ਜ਼ਾਹਾਵੀ ਦਾ ਵਿਹਾਰ ਮਿਆਰ ਤੋਂ ਡਿੱਗਿਆ ਹੈ, ਸਰਕਾਰੀ ਨੁਮਾਇੰਦੇ ਤੋਂ ਅਜਿਹੀ ਆਸ ਨਹੀਂ ਰੱਖੀ ਜਾਂਦੀ। ਇਸ ਤੋਂ ਪਹਿਲਾਂ ਜ਼ਾਹਾਵੀ ਨੇ ਕਿਹਾ ਸੀ ਕਿ ਉਹ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਨ੍ਹਾਂ ਢੁੱਕਵੇਂ ਢੰਗ ਨਾਲ ਸਭ ਕੀਤਾ ਹੈ ਤੇ ਟੈਕਸ ਸਬੰਧੀ ਕੋਈ ਵੀ ਖਾਮੀ ‘ਲਾਪਰਵਾਹੀ’ ਕਾਰਨ ਹੋਈ ਹੋ ਸਕਦੀ ਹੈ, ਪਰ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਗਿਆ।