ਭਾਰਤ-ਅਮਰੀਕਾ ਰਿਸ਼ਤੇ ਰਣਨੀਤਕ ਭਾਈਵਾਲੀ ’ਚ ਨਵਾਂ ਅਧਿਆਏ: ਮੋਦੀ

ਭਾਰਤ-ਅਮਰੀਕਾ ਰਿਸ਼ਤੇ ਰਣਨੀਤਕ ਭਾਈਵਾਲੀ ’ਚ ਨਵਾਂ ਅਧਿਆਏ: ਮੋਦੀ

ਭਾਰਤ-ਅਮਰੀਕਾ ਰਿਸ਼ਤੇ ਰਣਨੀਤਕ ਭਾਈਵਾਲੀ ’ਚ ਨਵਾਂ ਅਧਿਆਏ: ਮੋਦੀ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ’ਤੇ ਕੁੱਲ ਆਲਮ ਦੀ ਨਜ਼ਰ ਹੈ ਤੇ ਉਹ ਇਸ ਰਿਸ਼ਤੇ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਵਚਨਬੱਧ ਹਨ। ਇਥੇ ਓਵਲ ਦਫ਼ਤਰ ਵਿੱਚ ਆਹਮੋ-ਸਾਹਮਣੀ ਗੱਲਬਾਤ ਮਗਰੋਂ ਦੋਵਾਂ ਆਗੂਆਂ ਨੇ ਪੱਤਰਕਾਰਾਂ ਨੂੰ ਸਾਂਝੇ ਰੂਪ ਵਿੱਚ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਆਲਮੀ ਰਣਨੀਤਕ ਭਾਈਵਾਲੀ ’ਚ ਨਵਾਂ ਅਧਿਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਿਵਾਦ ਨਾਲ ਸਿੱਝਣ ਲਈ ਭਾਰਤ ਤੇ ਅਮਰੀਕਾ ਰਲ ਕੇ ਕੰਮ ਕਰਨਗੇ। ਉਨ੍ਹਾਂ ਅਮਰੀਕਾ ਨੂੰ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਦੱਸਿਆ। ਉਨ੍ਹਾਂ ਯੂਕਰੇਨ ਮੁੱਦੇ ਨੂੰ ਸੰਵਾਦ ਤੇ ਕੂਟਨੀਤਕ ਚੈਨਲ ਜ਼ਰੀਏ ਸੁਲਝਾਉਣ ’ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ‘ਇਕ ਧਰਤੀ ਇਕ ਪਰਿਵਾਰ ਇਕ ਭਵਿੱਖ’ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤ ਭਾਰਤ ਲਈ ਅਹਿਮ ਹੈ ਤੇ ਵਾਤਾਵਰਨ ਮੁਲਕ ਦੇ ਸਭਿਆਚਾਰ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਦੀ ਤਰੱਕੀ ਵਿੱਚ ਭਾਰਤੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਲਈ ਸ਼ਾਂਤੀ ਤੇ ਸੁਰੱਖਿਆ ਸਾਂਝੀ ਤਰਜੀਹ ਹੈ। ਦੁਵੱਲੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਕੁਆਡ, ਰੱਖਿਆ, ਮਸਨੂਈ ਬੌਧਿਕਤਾ, ਸਵੱਛ ਊਰਜਾ, ਪੁਲਾੜ ਤੇ ਹੋਰਨਾਂ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ।
ਬਾਇਡਨ ਨੇ ਇਸ ਮੌਕੇ ਜਮਹੂਰੀ ਕਦਰਾਂ ਕੀਮਤਾਂ ਦਾ ਮੁੱਦਾ ਵਿਚਾਰੇ ਜਾਣ ਦਾ ਵੀ ਦਾਅਵਾ ਕੀਤਾ। ਮੋਦੀ ਨੇ ਕਿਹਾ ਕਿ ਸਰਹੱਦ ਪਾਰੋਂ ਅਤਿਵਾਦ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਭਾਰਤ ਅਤੇ ਅਮਰੀਕਾ ਦੀਆਂ ਰਗਾਂ ਵਿੱਚ ਹੀ ਲੋਕਤੰਤਰ ਹੈ ਅਤੇ ਜਦੋਂ ਜਮਹੂਰੀਅਤ ਦੀ ਗੱਲ ਤੁਰਦੀ ਹੈ ਤਾਂ ਜਾਤ, ਧਰਮ ਜਾਂ ਨਸਲ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਓਵਲ ਦਫ਼ਤਰ ਵਿੱਚ ਹੋਈ ਇਸ ਆਹਮੋ-ਸਾਹਮਣੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਰੱਖਿਆ, ਪੁਲਾੜ, ਸਵੱਛ ਊਰਜਾ ਤੇ ਅਹਿਮ ਤਕਨੀਕਾਂ ਸਣੇ ਭਾਰਤ-ਅਮਰੀਕਾ ਰਣਨੀਤਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਦਰਮਿਆਨ ਪਿਛਲੇ 24 ਘੰਟਿਆਂ ਵਿੱਚ ਇਹ ਦੂਜੀ ਬੈਠਕ ਹੈ। ਇਸ ਦੌਰਾਨ ਵਫ਼ਦ ਪੱਧਰ ਦੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਰੱਖਿਆ, ਵਪਾਰ ਤੇ ਪੁਲਾੜ ਸਹਿਯੋਗ ਨੂੰ ਲੈ ਕੇ ਵੱਖ ਵੱਖ ਸਮਝੌਤਿਆਂ ’ਤੇ ਸਹੀ ਪਾਈ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਮੀ ਸਵਾਗਤ ਕਰਦਿਆਂ ਬਾਇਡਨ ਨੇ ਕਿਹਾ ਕਿ ਦੋਵੇਂ ਮੁਲਕ ਦੁਵੱਲੀ ਗੱਲਬਾਤ ਦੌਰਾਨ ਅੱਜ ਜੋ ਫੈਸਲੇ ਲੈਣਗੇ, ਉਹ ਅਗਾਮੀ ਪੀੜ੍ਹੀਆਂ ਦਾ ਭਵਿੱਖ ਨਿਰਧਾਰਿਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਸਿਹਤ ਸੰਭਾਲ, ਵਾਤਾਵਰਨ ਤਬਦੀਲੀ ਤੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਕਰਕੇ ਉਪਜੇ ਮੁੱਦਿਆਂ ’ਤੇ ਨੇੜੇ ਹੋ ਕੇ ਕੰਮ ਕਰ ਰਹੇ ਹਨ। ਵ੍ਹਾਈਟ ਹਾਊਸ ਵਿੱਚ ਸ੍ਰੀ ਮੋਦੀ ਦੇ ਸਵਾਗਤ ਲਈ ਰੈੱਡ ਕਾਲੀਨ ਵਿਛਾਇਆ ਗਿਆ ਤੇ ਪ੍ਰਧਾਨ ਮੰਤਰੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਤੀ ਡਗਲਸ ਐਮਹੌਫ ਵੀ ਮੌਜੂਦ ਸਨ। ਅਮਰੀਕੀ ਸਦਰ ਨੇ ਕਿਹਾ, ‘‘ਭਾਰਤ ਦੇ ਸਹਿਯੋਗ ਨਾਲ ਅਸੀਂ ਸੁਤੰਤਰ, ਮੋਕਲੇ, ਸੁਰੱਖਿਅਤ ਤੇ ਖ਼ੁਸ਼ਹਾਲ ਹਿੰਦ ਪ੍ਰਸ਼ਾਂਤ ਲਈ ‘ਕੁਆਡ’ ਨੂੰ ਮਜ਼ਬੂਤ ਕੀਤਾ ਹੈ। ਵ੍ਹਾਈਟ ਹਾਊਸ ਦੇ ਲਾਅਨ ਵਿੱਚ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰਾਂ ਦੀ ਮੌਜੂਦਗੀ ਵਿੱਚ ਬਾਇਡਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਵ੍ਹਾਈਟ ਹਾਊਸ ਵਿੱਚ ਇਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਤੁਹਾਡੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਮਾਜ ਤੇ ਸੰਸਥਾਵਾਂ ਜਮਹੂਰੀ ਕਦਰਾਂ ਕੀਮਤਾਂ ’ਤੇ ਆਧਾਰਿਤ ਹਨ ਤੇ ਦੋਵਾਂ ਮੁਲਕਾਂ ਨੂੰ ਆਪਣੀ ਵੰਨ-ਸੁਵੰਨਤਾ ’ਤੇ ਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਕੰਮ ਕਰਨਗੇ ਤੇ ਉਨ੍ਹਾਂ ਦੇ ਰਿਸ਼ਤੇ ਨਵੀਆਂ ਬੁਲੰਦੀਆਂ ਛੂਹਣਗੇ। ਉਨ੍ਹਾਂ ਕਿਹਾ, ‘‘ਭਾਰਤ ਤੇ ਅਮਰੀਕਾ ਸਰਬੱਤ ਦੇ ਭਲੇ ਤੇ ਸਰਬੱਤ ਦਾ ਸੁੱਖ ਮੰਗਣ ਦੇ ਮੂਲ ਸਿਧਾਂਤ ’ਚ ਯਕੀਨ ਰੱਖਦੇ ਹਨ।’’ ਮੋਦੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਾ ਸੰਵਿਧਾਨ ਤਿੰਨ ਸ਼ਬਦਾਂ ‘ਵੁਈ ਦਿ ਪੀਪਲ’ ਤੋਂ ਸ਼ੁਰੂ ਹੁੰਦਾ ਹੈ। ਸ੍ਰੀ ਮੋਦੀ ਨੇ ਵ੍ਹਾਈਟ ਹਾਊਸ ਵਿੱਚ ਸ਼ਾਨਦਾਰ ਸਵਾਗਤ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦਾ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਵ੍ਹਾਈਟ ਹਾਊਸ ਵਿੱਚ ਸ਼ਾਨਦਾਰ ਸਵਾਗਤ ਸਨਮਾਨ ਇਕ ਤਰ੍ਹਾਂ ਨਾਲ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਅਮਰੀਕਾ ਵਿੱਚ ਰਹਿਣ ਵਾਲੇ ਕਰੀਬ 40 ਲੱਖ ਭਾਰਤੀ ਮੂਲ ਦੇ ਲੋਕਾਂ ਦਾ ਵੀ ਸਨਮਾਨ ਹੈ।’’ ਹਲਕੇ ਮੀਂਹ ਦੇ ਬਾਵਜੂਦ ਵ੍ਹਾਈਟ ਹਾਊਸ ਦੇ ‘ਦੱਖਣੀ ਲਾਅਨ’ ਵਿੱਚ ਵੱਡੀ ਗਿਣਤੀ ਪਰਵਾਸੀ ਭਾਰਤੀ ਮੌਜੂਦ ਸਨ। ਸ੍ਰੀ ਮੋਦੀ ਨੇ ਕਿਹਾ ਕਿ ਉਹ ਤਿੰਨ ਦਹਾਕੇ ਪਹਿਲਾਂ ਇਕ ਆਮ ਵਿਅਕਤੀ ਵਜੋਂ ਅਮਰੀਕਾ ਆਏ ਸੀ ਤੇ ਉਦੋਂ ਉਨ੍ਹਾਂ ਵ੍ਹਾਈਟ ਹਾਊਸ ਨੂੰ ਬਾਹਰੋਂ ਹੀ ਦੇਖਿਆ ਸੀ। ਉਧਰ ਮਨੀਪੁਰ ’ਚ ਜਾਰੀ ਹਿੰਸਾ ਦਾ ਮੁੱਦਾ ਅਮਰੀਕਾ ’ਚ ਵੀ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਪੁੱਜਣ ’ਤੇ ਮਨੀਪੁਰ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਦੁਨੀਆ ਨੂੰ ਮਨੀਪੁਰ ਦੇ ਹਾਲਾਤ ਤੋਂ ਜਾਣੂ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਮੈਤੇਈ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਘਰਾਂ ਨੂੰ ਅੱਗ ਲਗਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ’ਤੇ ਦਬਾਅ ਪਾਇਆ ਜਾਵੇ ਕਿ ਉਹ ਮਨੀਪੁਰ ’ਚ ਹਾਲਾਤ ਛੇਤੀ ਤੋਂ ਛੇਤੀ ਸੁਖਾਵੇਂ ਬਣਾਏ ਜਾਣ। ਉਨ੍ਹਾਂ ਮੋਦੀ ਸਰਕਾਰ ਵੱਲੋਂ ਧਾਰੀ ਚੁੱਪੀ ’ਤੇ ਵੀ ਸਵਾਲ ਉੱਠਾਏ।

ad