ਸੰਵਾਦ ਬਾਰੇ ਫ਼ੈਸਲਾ ਭਾਰਤ ਤੇ ਪਾਕਿ ਦਾ ਆਪਸੀ ਮਸਲਾ: ਅਮਰੀਕਾ

ਸੰਵਾਦ ਬਾਰੇ ਫ਼ੈਸਲਾ ਭਾਰਤ ਤੇ ਪਾਕਿ ਦਾ ਆਪਸੀ ਮਸਲਾ: ਅਮਰੀਕਾ

ਸੰਵਾਦ ਬਾਰੇ ਫ਼ੈਸਲਾ ਭਾਰਤ ਤੇ ਪਾਕਿ ਦਾ ਆਪਸੀ ਮਸਲਾ: ਅਮਰੀਕਾ
ਵਾਸ਼ਿੰਗਟਨ-ਅਮਰੀਕਾ ਨੇ ਅੱਜ ਮੁੜ ਜ਼ੋਰ ਦੇ ਕੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕਿਸੇ ਵੀ ਸੰਵਾਦ ਦੀ ਰਫ਼ਤਾਰ, ਦਾਇਰੇ ਤੇ ਕਿਰਦਾਰ ਬਾਰੇ ਫ਼ੈਸਲਾ ਦੋਵਾਂ ਮੁਲਕਾਂ ਦਾ ਆਪਸੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੇ ਹਮੇਸ਼ਾ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਵਾਰਤਾ ਦਾ ਪੱਖ ਪੂਰਿਆ ਹੈ ਤਾਂ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਯਕੀਨੀ ਬਣਾਈ ਜਾ ਸਕੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਹਾਲ ਹੀ ਵਿਚ ਕੀਤੀ ਸ਼ਾਂਤੀ ਵਾਰਤਾ ਦੀ ਗੱਲ ਬਾਰੇ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਕਿਹਾ ਕਿ ਅਮਰੀਕਾ ਵੀ ਦੱਖਣੀ ਏਸ਼ੀਆ ਵਿਚ ਸਥਿਰਤਾ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਭਾਰਤ ਨਾਲ ਅਮਰੀਕਾ ਦੇ ਰਿਸ਼ਤੇ ‘ਆਪਣੇ ਦਮ ’ਤੇ ਕਾਇਮ ਹਨ।’ ਨੈੱਡ ਪ੍ਰਾਈਸ ਨੇ ਕਿਹਾ, ‘ਅਸੀਂ ਲੰਮੇ ਸਮੇਂ ਤੋਂ ਦੱਖਣੀ ਏਸ਼ੀਆ ਵਿਚ ਸਥਿਰਤਾ ਦਾ ਸੱਦਾ ਦਿੱਤਾ ਹੈ। ਅਸੀਂ ਯਕੀਨੀ ਤੌਰ ਉਤੇ ਇਹ ਦੇਖਣਾ ਚਾਹੁੰਦੇ ਹਾਂ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਯੂਏਈ ਦੇ ਇਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿਚ ਸ਼ਰੀਫ਼ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਗੱਲਬਾਤ ਦੇ ਚਾਹਵਾਨ ਹਨ। ਹਾਲਾਂਕਿ ਮਗਰੋਂ ਪਾਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਸੀ ਕਿ ਜਦ ਤੱਕ ਭਾਰਤ ਕਸ਼ਮੀਰ ਬਾਰੇ ਲਏ ਆਪਣੇ 2019 ਦੇ ਫ਼ੈਸਲਿਆਂ ਨੂੰ ਵਾਪਸ ਨਹੀਂ ਲੈਂਦਾ, ਉਦੋਂ ਤੱਕ ਵਾਰਤਾ ਸੰਭਵ ਨਹੀਂ ਹੈ। ਸ਼ਰੀਫ਼ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਕਿਹਾ ਸੀ ਕਿ ਉਹ ਆਪਣੇ ਗੁਆਂਢੀ ਨਾਲ ਹਮੇਸ਼ਾ ਤੋਂ ਚੰਗੇ ਰਿਸ਼ਤੇ ਚਾਹੁੰਦਾ ਹੈ, ਪਰ ਇਸ ਲਈ ਪਹਿਲਾਂ ਅਤਿਵਾਦ-ਹਿੰਸਾ ਤੋਂ ਮੁਕਤ ਵਾਤਾਵਰਨ ਸਿਰਜਣ ਦੀ ਲੋੜ ਹੈ। ਅਮਰੀਕਾ ਦੇ ਤਰਜਮਾਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਇਮਰਾਨ ਖਾਨ ਨਾਲ ਗੱਲਬਾਤ ਦੇ ਦਰ ਖੁੱਲ੍ਹੇ ਰੱਖਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਵਾਸ਼ਿੰਗਟਨ ਗੱਲਬਾਤ ਲਈ ਤਿਆਰ ਰਹੇਗਾ।