ਅਫ਼ਸਰਾਂ ਦੇ ਤਬਾਦਲੇ: ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ

ਅਫ਼ਸਰਾਂ ਦੇ ਤਬਾਦਲੇ: ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ

ਅਫ਼ਸਰਾਂ ਦੇ ਤਬਾਦਲੇ: ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ
ਚੰਡੀਗੜ੍ਹ-ਪੰਜਾਬ ਸਰਕਾਰ ਚੰਗੇ ਅਕਸ ਵਾਲੇ ਅਫ਼ਸਰਾਂ ਦੇ ਤਬਾਦਲਿਆਂ ਤੋਂ ਸਿਆਸੀ ਨਿਸ਼ਾਨੇ ’ਤੇ ਆ ਗਈ ਹੈ। ਸਿਹਤ ਵਿਭਾਗ ’ਚੋਂ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਦੇ ਤਬਾਦਲੇ ਮਗਰੋਂ ਸਿਆਸੀ ਧਿਰਾਂ ਨੇ ‘ਆਪ’ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜੋਏ ਸ਼ਰਮਾ ਨੇ ਆਮ ਆਦਮੀ ਕਲੀਨਿਕ ਦੇ ਪ੍ਰਚਾਰ ਲਈ 30 ਕਰੋੜ ਦੇ ਫੰਡਾਂ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਚਾਰ ਵਾਸਤੇ ਖ਼ਜ਼ਾਨੇ ਦੀ ਲੁੱਟ ਦਾ ਇਹ ਦਿੱਲੀ ਮਾਡਲ ਹੈ ਜੋ ਕਿ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਿਨਾਂ ਕੋਈ ਕੰਮ ਕੀਤੇ ਹਵਾ ਵਿਚ ਹੀ ਤੀਰ ਚਲਾ ਰਹੀ ਹੈ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਪੰਜਾਬੀ ਗ਼ੈਰਤ ਵਾਲੇ ਲੋਕ ਹਨ, ਜੋ ਇਨ੍ਹਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ਮਰੀਜ਼ ਤਾਂ ਹਸਪਤਾਲਾਂ ਵਿਚ ਆਪਣੀਆਂ ਸਰਿੰਜਾਂ ਲਿਆਉਣ ਲਈ ਮਜਬੂਰ ਹਨ ਅਤੇ ਪੰਜਾਬ ਸਰਕਾਰ ਫੋਕੇ ਪ੍ਰਚਾਰ ’ਤੇ 30 ਕਰੋੜ ਰੁਪਏ ਖੂਹ ਖਾਤੇ ਪਾਉਣ ਦੇ ਰਾਹ ਪਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਨੇ ਫ਼ਜ਼ੂਲ ਖ਼ਰਚੀ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਕਿਸੇ ਅਧਿਕਾਰੀ ਕੋਲ ਤਾਂ ਰੀੜ੍ਹ ਦੀ ਹੱਡੀ ਹੈ ਜਿਸ ਨੇ ਪ੍ਰਚਾਰ ਫੰਡਾਂ ਦੇ ਮਾਮਲੇ ’ਤੇ ਸਰਕਾਰ ਨੂੰ ਬੇਨਕਾਬ ਕੀਤਾ। ਉਨ੍ਹਾਂ ਅਜੋਏ ਸ਼ਰਮਾ ਨੂੰ ਸਲਾਮ ਵੀ ਕੀਤਾ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਵੀ ਅਜੋਏ ਸ਼ਰਮਾ ਦੇ ਪੱਖ ਵਿਚ ਇੱਕ ਮੁਹਿੰਮ ਖੜ੍ਹੀ ਹੋ ਗਈ ਹੈ। ਇਮਾਨਦਾਰ ਅਫ਼ਸਰ ਨੂੰ ਬਦਲੇ ਜਾਣ ਕਾਰਨ ਲੋਕ ਸਰਕਾਰ ’ਤੇ ਉਂਗਲ ਚੁੱਕ ਰਹੇ ਹਨ। ਸੋਸ਼ਲ ਮੀਡੀਆ ’ਤੇ ਇਹ ਵੀ ਗੱਲ ਘੁੰਮ ਰਹੀ ਹੈ ਕਿ ਬਿਜਲੀ ਸਮਝੌਤੇ ਕਰਨ ਦੇ ਮਾਮਲੇ ’ਤੇ ਸਰਕਾਰ ਚੁੱਪ ਕਿਉਂ ਹੈ। ਇਸ ’ਤੇ ਵੀ ਲੋਕਾਂ ਨੇ ਸ਼ੱਕੀ ਅਫ਼ਸਰਾਂ ਨੂੰ ਘੇਰਿਆ ਹੈ ਜੋ ਬਿਜਲੀ ਸਮਝੌਤੇ ਵਾਲੀ ਫਾਈਲ ਨੂੰ ਮੁੜ ਖੋਲ੍ਹਣ ਨਹੀਂ ਦੇ ਰਹੇ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪ੍ਰਚਾਰ ’ਤੇ ਤਿੰਨ ਗੁਣਾ ਪੈਸਾ ਖ਼ਰਚ ਕਰਨ ਦਾ ਇਹ ਦਿੱਲੀ ਦਾ ਸਿਹਤ ਮਾਡਲ ਹੈ, ਜਿਸ ਅਧਿਕਾਰੀ ਨੇ 30 ਕਰੋੜ ਦੇ ਫ਼ੰਡਾਂ ਤੋਂ ਇਨਕਾਰ ਕੀਤਾ, ਉਸ ਨੂੰ ਬਦਲ ਦਿੱਤਾ ਗਿਆ।
ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕਰਕੇ ਕਿਹਾ ਕਿ ਜੇ ਲੋਕਾਂ ਦਾ ਪੈਸਾ ਬਰਬਾਦ ਕਰਨਾ ਕਲਾ ਹੈ ਤਾਂ ਇਸ ਕਲਾ ਦੀ ਜਨਨੀ ‘ਆਪ’ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜਦੋਂ ਮਹੱਲਾ ਕਲੀਨਿਕਾਂ ਦੇ ਪ੍ਰਚਾਰ ਵਾਸਤੇ ਦੂਸਰੇ ਸੂਬਿਆਂ ਲਈ ਫ਼ੰਡ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ।